ਬਰਗਾੜੀ, 3 ਫ਼ਰਵਰੀ (ਲਖਵਿੰਦਰ ਸ਼ਰਮਾ)-ਦਸਮੇਸ਼ ਗਲੋਬਲ ਸਕੂਲ ਬਰਗਾੜੀ ਵਿਖੇ ਪੁਲਿਸ ਸਾਂਝ ਵਿਭਾਗ ਵਲੋਂ ਟਰੈਫ਼ਿਕ ਨਿਯਮਾਂ ਅਤੇ ਨਸ਼ਿਆਂ ਸੰਬੰਧੀ ਸੈਮੀਨਾਰ ਲਗਾਇਆ ਗਿਆ, ਜਿਸ ਵਿਚ ਵਿਭਾਗ ਦੇ ਡੀ.ਐਸ.ਪੀ. ਇਕਬਾਲ ਸਿੰਘ, ਸਬ ਇੰਸਪੈਕਟਰ ਵਕੀਲ ਸਿੰਘ, ਏ.ਐਸ.ਆਈ ਬਲਕਾਰ ਸਿੰਘ ਅਤੇ ਹੋਰਨਾਂ ਅਧਿਕਾਰੀਆਂ ਨੇ ਬੱਚਿਆਂ ਨੂੰ ਟਰੈਫ਼ਿਕ ਨਿਯਮਾਂ ਸੰਬੰਧੀ ਦੱਸਿਆ ਕਿ ਸਾਨੂੰ ਟਰੈਫ਼ਿਕ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਕੇ ਆਪਣੇ ਅਤੇ ਹੋਰਨਾਂ ਲੋਕਾਂ ਦੇ ਜੀਵਨ ਨੂੰ ਸੁਰੱਖਿਅਤ ਕਰਨਾ ਚਾਹੀਦਾ ਹੈ | ਬੁਲਾਰਿਆਂ ਨੇ ਬੱਚਿਆਂ ਨੂੰ ਹਰ ਤਰ੍ਹਾਂ ਦੇ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਤੁਹਾਡੇ ਕੋਈ ਨਜ਼ਦੀਕੀ ਵਿਅਕਤੀ ਨਸ਼ਿਆਂ ਦਾ ਸੇਵਨ ਕਰਦਾ ਹੈ ਤਾਂ ਉਸ ਵਿਅਕਤੀ ਦੀ ਨਸ਼ਾ ਛੱਡਣ ਵਿਚ ਸਹਾਇਤਾ ਕਰਨੀ ਚਾਹੀਦੀ ਹੈ | ਜੇਕਰ ਇਸ ਸਬੰਧੀ ਪੁਲਿਸ ਸਹਾਇਤਾ ਦੀ ਲੋੜ ਪੈਂਦੀ ਹੈ ਤਾਂ ਪੁਲਿਸ ਵੀ ਨਸ਼ਾ ਛੱਡਣ ਵਿਚ ਹਰ ਤਰ੍ਹਾਂ ਦੀ ਸਹਾਇਤਾ ਕਰੇਗੀ | ਜੇਕਰ ਕੋਈ ਵਿਅਕਤੀ ਨਸ਼ਾ ਵੇਚਣ ਦਾ ਕੰਮ ਕਰਦਾ ਹੈ ਤਾਂ ਤੁਰੰਤ ਪੁਲਿਸ ਨੂੰ ਇਤਲਾਹ ਦਿੱਤੀ ਜਾਵੇ | ਇਤਲਾਹ ਦੇਣ ਵਾਲੇ ਦਾ ਨਾਂਅ ਗੁਪਤ ਰੱਖਿਆ ਜਾਵੇਗਾ ਅਤੇ ਵਾਜਬ ਇਨਾਮ ਵੀ ਦਿੱਤਾ ਜਾਵੇਗਾ | ਸਕੂਲ ਪਿ੍ੰਸੀਪਲ ਅਜੇ ਸ਼ਰਮਾ ਨੇ ਪੁਲਿਸ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਸਮੂਹ ਬੱਚਿਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਇਨ੍ਹਾਂ ਅਧਿਕਾਰੀਆਂ ਵਲੋਂ ਦਿੱਤੀ ਹਰ ਜਾਣਕਾਰੀ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇ | ਇਸ ਮੌਕੇ ਪੁਲਿਸ ਕਰਮਚਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਗੁਰਸੰਗਤ ਸਿੰਘ ਮਲੂਕਾ, ਕੋਚ ਜਗਮੀਤ ਸਿੰਘ, ਕੋਚ ਭਲਵਾਨ ਸਿੰਘ, ਬੱਬੂ ਸ਼ਰਮਾ, ਸਮੂਹ ਸਟਾਫ਼ ਆਦਿ ਹਾਜ਼ਰ ਸਨ |