ਸਾਦਿਕ, 3 ਫ਼ਰਵਰੀ (ਆਰ.ਐਸ.ਧੁੰਨਾ)-ਕਿਸਾਨੀ ਹਿੱਤਾਂ ਲਈ ਹੋਂਦ ਵਿਚ ਆਈ ਨਵੀਂ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਪਲੇਠੀ ਮੀਟਿੰਗ ਦਾਣਾ ਮੰਡੀ ਸਾਦਿਕ ਵਿਖੇ ਹੋਈ | ਇਸ ਮੀਟਿੰਗ ਵਿਚ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਸ਼ਾਮਿਲ ਹੋਏ, ਉੱਥੇ ਇਸ ਨਵੀਂ ਜਥੇਬਦੀ ਦੇ ਸੂਬਾ ਕਨਵੀਨਰ ਦਲਵੀਰ ਸਿੰਘ ਸਿੱਧੂਪੁਰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਮੀਟਿੰਗ ਵਿਚ ਸ਼ਾਮਿਲ ਸਾਥੀਆਂ ਨੂੰ ਸੰਬੋਧਨ ਕਰਦਿਆਂ ਸੂਬਾ ਕਨਵੀਨਰ ਦਲਵੀਰ ਸਿੰਘ ਨੇ ਕਿਹਾ ਕਿ ਕਿਸਾਨ ਹਿੱਤਾਂ ਲਈ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦਾ ਉਨ੍ਹਾਂ ਦੇ ਪਿਤਾ ਸਵ: ਪਿਸ਼ੌਰਾ ਸਿੰਘ ਸਿੱਧੂਪੁਰ ਨੇ ਗਠਨ ਕੀਤਾ ਸੀ ਤੇ ਉਨ੍ਹਾਂ ਦੇ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਇਸ ਦੀ ਵਾਂਗਡੋਰ ਜਗਜੀਤ ਸਿੰਘ ਡੱਲੇਵਾਲ ਨੂੰ ਸੌਂਪੀ ਗਈ | ਉਨ੍ਹਾਂ ਕਿਹਾ ਕਿ ਜਥੇਬੰਦੀ ਨੂੰ ਉਸਾਰੂ ਢੰਗ ਨਾਲ ਨਾ ਚਲਾਏ ਜਾਣ ਅਤੇ ਕੁਝ ਆਗੂਆਂ ਵਲੋਂ ਆਪਣੀ ਤਾਨਾਸ਼ਾਹੀ ਚਲਾਈ ਜਾ ਰਹੀ ਸੀ ਤੇ ਬਾਕੀ ਆਗੂਆਂ ਵਰਕਰਾਂ ਨੂੰ ਅੱਖੋਂ ਪਰੋਖੇ ਕਰਕੇ ਫ਼ੰਡਾਂ ਦਾ ਕੋਈ ਹਿਸਾਬ ਨਹੀਂ ਦਿੱਤਾ ਜਾ ਰਿਹਾ ਸੀ ਅਤੇ ਹੁਣ ਸਿੱਧੂਪੁਰ ਦੀ ਬਜਾਏ ਜਥੇਬੰਦੀ ਨਾਲ ਡੱਲੇਵਾਲ ਲਗਾਇਆ ਜਾ ਰਿਹਾ ਸੀ | ਉਨ੍ਹਾਂ ਕਿਹਾ ਕਿ ਉਹ ਜਥੇਬਦੀ ਲਈ ਦਿਨ ਰਾਤ ਇਕ ਕਰਕੇ ਕੰਮ ਕਰਨਗੇ ਅਤੇ ਸਭਨਾਂ ਨੂੰ ਨਾਲ ਲੈ ਕੇ ਚੱਲਣਗੇ ਤੇ ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਕਿਸਾਨੀ ਮਸਲੇ ਹੱਲ ਕਰਵਾਉਣ ਲਈ ਵੱਧ ਤੋਂ ਵੱਧ ਇਸ ਜਥੇਬੰਦੀ ਨਾਲ ਜੁੜਨ | ਇਸ ਮੌਕੇ ਗਮਦੂਰ ਸਿੰਘ ਨੂੰ ਜ਼ਿਲ੍ਹਾ ਫ਼ਰੀਦਕੋਟ ਦਾ ਕਨਵੀਨਰ ਅਤੇ ਸਰਬਜੀਤ ਸਿੰਘ ਨੂੰ ਬਲਾਕ ਸਾਦਿਕ ਦਾ ਕਨਵੀਨਰ ਨਿਯੁਕਤ ਕੀਤਾ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |