ਪੰਜਗਰਾੲੀਂ ਕਲਾਂ, 6 ਫ਼ਰਵਰੀ (ਸੁਖਮੰਦਰ ਸਿੰਘ ਬਰਾੜ)-ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਬੈਨਰ ਹੇਠ 14 ਫ਼ਰਵਰੀ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਕੋਠੀ ਦਾ ਘਿਰਾਓ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਤਰਨਤਾਰਨ ਦੀ ਅਗਵਾਈ ਹੇਠ ਕੀਤਾ ਜਾਵੇਗਾ | ਇਹ ਜਾਣਕਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ, ਜਗਸੀਰ ਸਿੰਘ ਬਰਾੜ, ਹਰਮਿੰਦਰ ਸਿੰਘ ਸੰਧੂ ਸੂਬਾ ਕਮੇਟੀ ਮੈਂਬਰ ਤੇ ਕੁਲਦੀਪ ਸਿੰਘ ਚਹਿਲ ਨੇ ਸਾਂਝੇ ਤੌਰ 'ਤੇ ਦਿੱਤੀ | ਉਨ੍ਹਾਂ ਕਿਹਾ ਕਿ ਕੰਪਿਊਟਰ ਅਧਿਆਪਕਾਂ ਪ੍ਰਤੀ ਆਪਣਾਏ ਜਾ ਰਹੇ ਭੇਦ ਭਾਵ ਵਾਲੇ ਵਤੀਰੇ ਵਿਰੁੱਧ ਕੰਪਿਊਟਰ ਅਧਿਆਪਕਾਂ 'ਚ ਰੋਸ ਪਾਇਆ ਜਾ ਰਿਹਾ ਕਿਉਂਕਿ ਉਨ੍ਹਾਂ ਨੂੰ ਗੈਰ-ਵਿੱਦਿਅਕ ਕੰਮਾਂ ਲਈ ਸਰਕਾਰੀ ਟੈਗ ਅਤੇ ਸਹੂਲਤਾਂ ਦੇਣ ਸਮੇਂ ਸੁਸਾਇਟੀ ਦਾ ਹਵਾਲਾ ਦੇ ਕੇ ਸਹੂਲਤਾਂ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ | ਪੰਜਾਬ ਸਰਕਾਰ ਕੋਰਟ ਵਲੋਂ ਅਧਿਆਪਕਾਂ ਦੇ ਹੱਕ 'ਚ ਆਏ ਫ਼ੈਸਲੇ ਨੂੰ ਲਾਗੂ ਕਰਨ ਦੀ ਬਜਾਏ ਮਾਣਯੋਗ ਸੁਪਰੀਮ ਕੋਰਟ ਵਿਖੇ ਇਸ ਫ਼ੈਸਲੇ ਨੂੰ ਚਣੌਤੀ ਦੇ ਕੇ ਕੰਪਿਊਟਰ ਅਧਿਆਪਕਾਂ ਪ੍ਰਤੀ ਆਪਣੇ ਮੁਲਾਜ਼ਮ ਮਾਰੂ ਰਵੱਈਏ ਨੂੰ ਤਸਦੀਕ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਯੂਨੀਅਨ ਵਲੋਂ 14 ਫ਼ਰਵਰੀ ਨੂੰ ਸੰਗਰੂਰ ਵਿਖੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ ਤੇ ਜਿਸ 'ਚ ਪੰਜਾਬ ਭਰ ਤੋਂ ਕੰਪਿਊਟਰ ਅਧਿਆਪਕ ਵੱਡੀ ਗਿਣਤੀ 'ਚ ਸ਼ਮੂਲੀਅਤ ਕਰਨਗੇ |