ਸਾਦਿਕ, 21 ਫ਼ਰਵਰੀ (ਗੁਰਭੇਜ ਸਿੰਘ ਚੌਹਾਨ)-ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਦੇ ਸੱਦੇ 'ਤੇ ਪ੍ਰਸਿੱਧ ਪੰਜਾਬੀ ਲੇਖਕ ਪੋ੍ਰ.ਨਿੰਦਰ ਘੁਗਿਆਣਵੀ ਨੇ ਰਾਜ ਭਵਨ ਚੰਡੀਗੜ੍ਹ ਵਿਖੇ ਗਵਰਨਰ ਨਾਲ ਮੁਲਾਕਾਤ ਕੀਤੀ | ਇਸ ਸਬੰਧੀ ਨਿੰਦਰ ਘੁਗਿਆਣਵੀ ਨੇ ਦੱਸਿਆ ਕਿ ਮੁਲਾਕਾਤ ਬੜੀ ਸੁਖਾਵੀਂ ਰਹੀ | ਉਨ੍ਹਾਂ ਆਪਣੀਆਂ ਚੋਣਵੀਆਂ ਰਚਨਾਵਾਂ ਗਰਵਨਰ ਪੰਜਾਬ ਨੂੰ ਭੇਟ ਕੀਤੀਆਂ | ਗਵਰਨਰ ਨੇ ਉਨ੍ਹਾਂ ਦੇ ਸਾਹਿਤਕ ਤੇ ਸੱਭਿਆਚਾਰਕ ਸਫ਼ਰ ਬਾਰੇ ਉਨ੍ਹਾਂ ਪਾਸੋਂ ਬਾਰੀਕੀ ਨਾਲ ਜਾਣਿਆ ਤੇ ਆਪਣੇ ਵਲੋਂ ਸ਼ੁਭ ਇਛਾਵਾਂ ਭੇਟ ਕੀਤੀਆਂ | ਗਵਰਨਰ ਕਟਾਰੀਆ ਨੇ ਆਖਿਆ ਕਿ ਪੰਜਾਬ ਦੀ ਅਨਮੋਲ ਸਾਹਿਤਕ ਤੇ ਸੱਭਿਆਚਾਰਕ ਵਿਰਾਸਤ ਨੂੰ ਬਲਵਾਨ ਕਰਨ ਵਿਚ ਨਿੰਦਰ ਘੁਗਿਆਣਵੀ ਵਰਗੇ ਸਮਰਪਿਤ ਲੇਖਕਾਂ ਦਾ ਅਹਿਮ ਯੋਗਦਾਨ ਹੈ | ਗਵਰਨਰ ਕਟਾਰੀਆ ਨੇ ਉਨ੍ਹਾਂ ਦੀ ਚਰਚਿਤ ਪੁਸਤਕ 'ਜੱਜ ਦਾ ਅਰਦਲੀ' ਦਾ ਬਾਰਾਂ ਭਾਰਤੀ ਭਾਸ਼ਾਵਾਂ ਵਿਚ ਅਨੁਵਾਦ ਹੋਣ ਦੀ ਘੁਗਿਆਣਵੀ ਨੂੰ ਵਧਾਈ ਦਿੱਤੀ ਤੇ ਆਸ ਪ੍ਰਗਟਾਈ ਕਿ ਆਪਣੀ ਮਾਂ ਬੋਲੀ ਪ੍ਰਤੀ ਵਚਨਬੱਧ ਸਾਹਿਤਕਾਰ ਹੋਰ ਵੀ ਨਿਸ਼ਠਾ ਤੇ ਲਗਨ ਨਾਲ ਭਾਸ਼ਾ ਤੇ ਸੱਭਿਆਚਾਰ ਦੀ ਬਿਹਤਰੀ ਲਈ ਕਾਰਜ ਕਰਦੇ ਰਹਿਣਗੇ |