ਜੈਤੋ, 22 ਫ਼ਰਵਰੀ (ਗੁਰਚਰਨ ਸਿੰਘ ਗਾਬੜੀਆ)-ਸਿਲਵਰ ਓਕਸ ਸਕੂਲ ਸੇਵੇਵਾਲਾ ਵਿਖੇ ਯੂ.ਕੇ.ਜੀ ਦੇ ਬੱਚਿਆਂ ਦਾ ਗ੍ਰੈਜੂਏਸ਼ਨ ਸਮਾਰੋਹ ਕਰਵਾਇਆ ਗਿਆ | ਪਿ੍ੰਸੀਪਲ ਪਿ੍ਅੰਕਾ ਮਹਿਤਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਰਵਾਏ ਗਏ ਇਸ ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਗਿਆਨ ਮੰਥਨ ਐਜੂਕੇਸ਼ਨ ਸਰਵਿਸਿਜ਼ ਅਤੇ ਸਿਲਵਰ ਓਕਸ ਸਕੂਲ ਦੇ ਡਾਇਰੈਕਟਰ ਬਰਨਿੰਦਰ ਪਾਲ ਸੇਖੋਂ ਵਲੋਂ ਸਮ੍ਹਾਂ ਰੌਸ਼ਨ ਕਰਕੇ ਕੀਤੀ ਗਈ | ਬੱਚਿਆਂ ਨੇ ਬੜੇ ਸੋਹਣੇ ਢੰਗ ਨਾਲ ਸਵਾਗਤੀ ਗੀਤ ਗਾ ਕੇ ਉਨ੍ਹਾਂ ਦਾ ਸਵਾਗਤ ਕੀਤਾ | ਮੁੱਖ ਮਹਿਮਾਨ ਨੇ ਪ੍ਰੀ-ਵਿੰਗ ਛੱਡ ਕੇ ਪ੍ਰਾਇਮਰੀ ਵਿੰਗ ਵਿਚ ਦਾਖ਼ਲਾ ਲੈ ਰਹੇ ਯੂ.ਕੇ.ਜੀ ਦੇ ਵਿਦਿਆਰਥੀਆਂ ਨੂੰ ਕਨਵੋਕੇਸ਼ਨ ਡਰੈੱਸ 'ਚ ਡਿਗਰੀਆਂ ਦੇ ਕੇ ਸਨਮਾਨਿਤ ਕੀਤਾ | ਇਸ ਦੌਰਾਨ ਐਲ.ਕੇ.ਜੀ ਦੇ ਵਿਦਿਆਰਥੀਆਂ ਨੇ ਡਾਂਸ ਵੀ ਕੀਤਾ | ਨੰਨ੍ਹੇ-ਮੁੰਨ੍ਹੇ ਬੱਚਿਆਂ ਨੇ ਬਹੁਤ ਸੋਹਣੀਆਂ ਕਵਿਤਾਵਾਂ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ | ਮੁੱਖ ਮਹਿਮਾਨ ਵਜੋਂ ਆਏ ਬਰਨਿੰਦਰ ਪਾਲ ਸੇਖੋਂ ਅਤੇ ਪਿ੍ੰਸੀਪਲ ਪਿ੍ਅੰਕਾ ਮਹਿਤਾ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦੇ ਹੋਏ ਡਿਗਰੀਆਂ ਪ੍ਰਦਾਨ ਕੀਤੀਆਂ | ਇਸ ਤੋਂ ਬਾਅਦ ਸਾਰੇ ਬੱਚਿਆਂ ਲਈ ਇਸ ਪ੍ਰੋਗਰਾਮ ਨਾਲ ਸਬੰਧਿਤ ਇਕ 'ਸੈਲਫ਼ੀ ਕਾਰਨਰ' ਬਣਾਇਆ ਗਿਆ | ਜਿਸ ਵਿਚ ਬੱਚਿਆਂ ਦੀਆਂ ਤਸਵੀਰਾਂ ਖਿੱਚੀਆਂ ਗਈਆਂ | ਜਮਾਤ ਇੰਚਾਰਜ ਪਰਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਪਿਆਰ ਦੇ ਪ੍ਰਤੀਕ ਵਜੋਂ ਕਾਰਡ ਦੇ ਕੇ ਉਤਸ਼ਾਹਿਤ ਕੀਤਾ | ਪਿ੍ੰਸੀਪਲ ਨੇ ਸਮੂਹ ਮਾਪਿਆਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਇਹ ਗ੍ਰੈਜੂਏਸ਼ਨ ਸਮਾਰੋਹ ਵਿਦਿਆਰਥੀਆਂ ਦਾ ਮਨੋਬਲ ਉੱਚਾ ਚੁੱਕਣ ਅਤੇ ਉਨ੍ਹਾਂ ਨੂੰ ਅਗਲੇ ਪੜਾਅ ਵਿਚ ਪ੍ਰਵੇਸ਼ ਕਰਨ ਦਾ ਅਹਿਸਾਸ ਕਰਵਾਉਣ ਦੇ ਉਦੇਸ਼ ਨਾਲ ਕਰਵਾਇਆ ਗਿਆ ਹੈ | ਅਜਿਹੇ ਸਮਾਗਮ ਬੱਚਿਆਂ 'ਚ ਆਤਮ-ਵਿਸ਼ਵਾਸ ਪੈਦਾ ਕਰਦੇ ਹਨ, ਜੋ ਉਨ੍ਹਾਂ ਨੂੰ ਜ਼ਿੰਦਗੀ 'ਚ ਅੱਗੇ ਵਧਣ ਅਤੇ ਸਫਲਤਾ ਦੀਆਂ ਬੁਲੰਦੀਆਂ ਨੂੰ ਛੂਹਣ 'ਚ ਮਦਦ ਕਰਦੇ ਹਨ |