ਫ਼ਰੀਦਕੋਟ, 23 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਪੰਜਾਬੀ ਸਾਹਿਤ ਸਭਾ ਰਜਿ: ਫ਼ਰੀਦਕੋਟ ਵਲੋਂ ਸਰਕਾਰੀ ਬੇਸਿਕ ਮਿਡਲ ਸਕੂਲ (ਲੜਕੀਆਂ) ਫ਼ਰੀਦਕੋਟ ਵਿਖੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ | ਜਿਸ ਦੀ ਪ੍ਰਧਾਨਗੀ ਸੁਖਚੈਨ ਸਿੰਘ ਥਾਂਦੇਵਾਲਾ ਨੇ ਕੀਤੀ ਤੇ ਮੁੱਖ ਮਹਿਮਾਨ ਪ੍ਰੋਫੈਸਰ ਪਾਲ ਸਿੰਘ ਸਨ | ਇਸ ਸਮਾਗਮ ਵਿਚ ਪੰਜਾਬੀ ਸਾਹਿਤ ਸਭਾ ਦੇ ਮੈਂਬਰਾਂ ਵਤਨਵੀਰ ਜ਼ਖ਼ਮੀ, ਹਰਸੰਗੀਤ ਸਿੰਘ ਗਿੱਲ, ਸੁਰਿੰਦਰਪਾਲ ਸ਼ਰਮਾ ਭਲੂਰ, ਪ੍ਰੋਫੈਸਰ ਪਾਲ ਸਿੰਘ, ਇਕਬਾਲ ਘਾਰੂ, ਪਿ੍ੰਸੀਪਲ ਕਿ੍ਸ਼ਨ ਲਾਲ ਬਕੋਲੀਆ, ਪਿ੍ੰਸੀਪਲ ਜੋਗਿੰਦਰ ਸਿੰਘ ਸਿੱਧੂ, ਲਾਲ ਸਿੰਘ ਕਲਸੀ, ਮੁਖਤਿਆਰ ਸਿੰਘ ਵੰਗੜ, ਕੁਲਜੀਤ ਸਿੰਘ ਵਾਲੀਆ, ਇੰਜੀਨੀਅਰ ਦਰਸ਼ਨ ਰੋਮਾਣਾ ਨੇ ਭਾਗ ਲਿਆ | ਪੰਜਾਬੀ ਸਾਹਿਤ ਸਭਾ ਦੇ ਮੈਂਬਰਾਂ ਨੇ ਅੰਤਰਰਾਸ਼ਟਰੀ ਮਾਤ ਭਾਸ਼ਾ ਦੇ ਸਬੰਧ ਵਿਚ ਆਪੋ ਆਪਣੇ ਵਿਚਾਰ ਪੇਸ਼ ਕੀਤੇ | ਪ੍ਰੋਫ਼ੈਸਰ ਪਾਲ ਸਿੰਘ ਅਤੇ ਪਿ੍ੰਸੀਪਲ ਕਿ੍ਸ਼ਨ ਲਾਲ ਬਕੋਲੀਆ ਨੇ ਪੰਜਾਬੀ ਮਾਤ ਭਾਸ਼ਾ ਦੇ ਸਬੰਧ ਵਿਚ ਵਿਸਥਾਰ ਪੂਰਵਕ ਚਾਨਣਾ ਪਾਇਆ | ਇਸ ਸਮਾਗਮ ਵਿਚ ਸਕੂਲ ਦੇ ਪੰਦਰਾਂ ਬੱਚਿਆਂ ਨੇ ਪੰਜਾਬੀ ਮਾਤ ਭਾਸ਼ਾ ਦੇ ਸਬੰਧ ਵਿਚ ਆਪਣੇ ਗੀਤ, ਕਵਿਤਾਵਾਂ ਪੇਸ਼ ਕਰਕੇ ਪੰਜਾਬੀ ਮਾਂ ਬੋਲੀ ਨੂੰ ਸਿਜਦਾ ਕੀਤਾ | ਸਭਾ ਵਲੋਂ ਕਰਵਾਈ ਇਸ ਪ੍ਰਤੀਯੋਗਤਾ ਵਿਚ ਪ੍ਰੋਫੈਸਰ ਪਾਲ ਸਿੰਘ ਅਤੇ ਪਿ੍ੰਸੀਪਲ ਕਿ੍ਸ਼ਨ ਲਾਲ ਨੇ ਬਤੌਰ ਜੱਜ ਦੀ ਭੂਮਿਕਾ ਨਿਭਾਈ ਅਤੇ ਉਨ੍ਹਾਂ ਨੇ ਕ੍ਰਮਵਾਰ ਪਹਿਲਾ, ਦੂਜਾ, ਤੀਜੇ ਸਥਾਨ ਆਉਣ ਵਾਲੇ ਬੱਚਿਆਂ ਬਾਰੇ ਜਾਣਕਾਰੀ ਦਿੱਤੀ | ਸਭਾ ਵਲੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਬੱਚੇ ਨੂੰ ਗੋਲਡ ਮੈਡਲ, ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਬੱਚੇ ਨੂੰ ਸਿਲਵਰ ਮੈਡਲ, ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਬੱਚੇ ਨੂੰ ਕਾਂਸੀ ਦਾ ਮੈਡਲ ਦੇ ਕੇ ਹੌਸਲਾ ਅਫਜ਼ਾਈ ਕੀਤੀ ਗਈ | ਇਸ ਤੋਂ ਇਲਾਵਾ ਹੋਰ ਭਾਗ ਲੈਣ ਵਾਲੇ ਬੱਚਿਆਂ ਨੂੰ ਮੈਡਲ ਅਤੇ ਕਾਪੀਆਂ ਪੈਨ ਦੇ ਕੇ ਸਨਮਾਨਿਤ ਕੀਤਾ ਗਿਆ | ਸਭਾ ਦੇ ਪ੍ਰਧਾਨ ਸੁਖਚੈਨ ਥਾਂਦੇਵਾਲਾ ਨੇ ਇਸ ਪ੍ਰਤੀਯੋਗਤਾ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਇਕ ਵਿਦਿਆਰਥਣ ਨੂੰ ਪੰਜ ਸੌ ਰੁਪਏ ਨਕਦ ਇਨਾਮ ਦਿੱਤਾ | ਇਸ ਤਰ੍ਹਾਂ ਪੰਜਾਬੀ ਸਾਹਿਤ ਸਭਾ ਰਜਿ ਫਰੀਦਕੋਟ ਵਲੋਂ ਬੱਚਿਆਂ ਦੀ ਪ੍ਰਤੀਯੋਗਤਾ ਕਰਵਾਉਣ ਲਈ ਸਕੂਲ ਦੀ ਅਧਿਆਪਕਾ ਰਵਿੰਦਰ ਕੌਰ ਅਤੇ ਸਟਾਫ਼ ਮੈਂਬਰਾਂ ਗੁਰਵਿੰਦਰ ਕੌਰ, ਪ੍ਰਵੀਨ ਰਾਣੀ, ਨਵਤੇਜ ਕੌਰ, ਅਵਨੀਤ ਕੌਰ, ਪਰਮਪਾਲ ਕੌਰ ਅਤੇ ਸੋਹਣ ਲਾਲ ਨੇ ਵਿਸ਼ੇਸ਼ ਸਹਿਯੋਗ ਦਿੱਤਾ | ਸਮਾਗਮ ਦੇ ਅਖੀਰ ਵਿਚ ਸਭਾ ਦੇ ਪ੍ਰਧਾਨ ਸੁਖਚੈਨ ਥਾਂਦੇਵਾਲਾ ਨੇ ਸਕੂਲ ਦੀ ਮੁੱਖ ਅਧਿਆਪਕਾ ਰਵਿੰਦਰ ਕੌਰ ਅਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ | ਮੰਚ ਸੰਚਾਲਨ ਇਕਬਾਲ ਘਾਰੂ ਨੇ ਕੀਤਾ |