ਜੈਤੋ, 24 ਫ਼ਰਵਰੀ (ਗੁਰਚਰਨ ਸਿੰਘ ਗਾਬੜੀਆ)-ਮਾਰਕੀਟ ਕਮੇਟੀ ਜੈਤੋ ਦੇ ਸਾਬਕਾ ਚੇਅਰਮੈਨ ਸਿਕੰਦਰ ਸਿੰਘ ਮੜ੍ਹਾਕ ਅਤੇ ਸੀਨੀਅਰ ਕਾਂਗਰਸੀ ਆਗੂ ਕੁਲਦੀਪ ਸਿੰਘ ਬਰਾੜ ਨਿਆਮੀਵਾਲਾ ਨੇ ਕਿਹਾ ਕਿ 28 ਫ਼ਰਵਰੀ ਨੂੰ ਬਰਨਾਲਾ ਵਿਖੇ ਹੋ ਰਹੀ ਵਿਸ਼ਾਲ ਰੈਲੀ 'ਚ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਵੀ ਸ਼ਿਰਕਤ ਕਰਨਗੇ ਕਿਉਂਕਿ ਕਾਂਗਰਸ ਸਮੇਂ ਦੌਰਾਨ ਚਲਾਈ ਗਈ ਮਨਰੇਗਾ ਸਕੀਮ ਨੂੰ ਬੰਦ ਕਰਕੇ ਕੇਂਦਰ ਦੀ ਸਰਕਾਰ ਨੇ ਮਜ਼ਦੂਰਾਂ ਦੇ ਹੱਕਾਂ 'ਤੇ ਵੱਡਾ ਡਾਕਾ ਮਾਰਿਆ ਹੈ, ਮਹਿੰਗਾਈ ਨਾਲ ਦੋ ਚਾਰ ਹੋ ਰਿਹਾ ਹਰ ਇਨਸਾਨ ਪਹਿਲਾਂ ਹੀ ਕੇਂਦਰ ਦੀਆਂ ਕਰੂਰ ਨੀਤੀਆਂ ਤੋਂ ਤੰਗ ਹੈ | ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਮੇਹਰ ਸਿੰਘ ਕਰੀਰਵਾਲੀ ਅਤੇ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਮਨਬੀਰ ਸਿੰਘ ਬੱਬੂ ਬਰਾੜ ਮੱਤਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਜਬਰ ਜੁਲਮ ਦੇ ਖਿਲਾਫ਼ ਅਤੇ ਮਨਰੇਗਾ ਕਾਮਿਆ 'ਤੇ ਹੋ ਰਹੇ ਅੱਤਿਆਚਾਰ ਅਤੇ ਰੁਜ਼ਗਾਰ ਖੋਹਣ ਵਰਗੀਆਂ ਕੋਝੀਆਂ ਹਰਕਤਾਂ ਦੇ ਵਿਰੋਧ ਵਿਚ ਰੱਖੀ ਗਈ ਪੰਜਾਬ ਕਾਂਗਰਸ ਦੀ 28 ਫਰਵਰੀ ਨੂੰ ਹੋਣ ਵਾਲੀ ਬਰਨਾਲਾ ਰੈਲੀ ਵਿਚ ਵੱਡੀ ਗਿਣਤੀ ਵਿਚ ਵਰਕਰ ਭਰਵੀਂ ਸ਼ਮੂਲੀਅਤ ਕਰਨਗੇ | ਕੇਂਦਰ ਦੀ ਮੋਦੀ ਸਰਕਾਰ ਹਰ ਵਰਗ ਨਾਲ ਧੱਕੇਸ਼ਾਹੀ ਕਰਕੇ ਜਮਹੂਰੀ ਹੱਕਾਂ ਦਾ ਘਾਣ ਕਰ ਰਹੀ ਹੈ | ਜਿਸ ਕਰਕੇ ਮਨਰੇਗਾ ਨੂੰ ਬਚਾਉਣ ਲਈ ਕਾਂਗਰਸ ਪਾਰਟੀ ਤੋਂ ਬਿਨਾਂ ਹੋਰ ਕੋਈ ਪਾਰਟੀ ਮਜ਼ਦੂਰ ਵਰਗ ਦੀ ਲੜਾਈ ਨਹੀਂ ਲੜ ਰਹੀ ਹੈ |