ਜੈਤੋ, 24 ਫ਼ਰਵਰੀ (ਗੁਰਮੀਤਪਾਲ ਰੋੜੀਕਪੂਰਾ)-ਸ਼ਹਿਰ ਦੀਆਂ ਮੁੱਖ ਅਤੇ ਅੰਦਰੂਨੀ ਸੜਕਾਂ 'ਤੇ ਰੇਹੜੀ-ਫ਼ੜੀ ਵਾਲਿਆਂ ਅਤੇ ਕਈ ਦੁਕਾਨਦਾਰਾਂ ਵਲੋਂ ਕੀਤੇ ਨਾਜਾਇਜ਼ ਕਬਜ਼ੇ ਟੈ੍ਰਫ਼ਿਕ ਸਮੱਸਿਆ ਦਾ ਸਭ ਤੋਂ ਵੱਡਾ ਕਾਰਨ ਬਣੇ ਹੋਏ ਹਨ | ਇਨ੍ਹਾਂ ਕਬਜ਼ਿਆਂ ਕਾਰਨ ਸੜਕਾਂ ਸੁੰਗੜ ਗਈਆਂ ਹਨ, ਜਿਸ ਨਾਲ ਆਮ ਲੋਕਾਂ, ਵਾਹਨ ਚਾਲਕਾਂ ਅਤੇ ਪੈਦਲ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਕਈ ਥਾਵਾਂ 'ਤੇ ਦੁਕਾਨਦਾਰਾਂ ਨੇ ਆਪਣੀ ਦੁਕਾਨ ਤੋਂ ਬਾਹਰ ਤੱਕ ਸਾਮਾਨ ਫ਼ੈਲਾ ਕੇ ਸੜਕਾਂ ਦਾ ਅੱਧ ਤੋਂ ਵੱਧ ਹਿੱਸਾ ਘੇਰ ਲਿਆ ਹੈ, ਜਦਕਿ ਰੇਹੜੀਆਂ ਸੜਕਾਂ ਦੇ ਵਿਚਕਾਰ ਖੜੀਆਂ ਕਰ ਦਿੱਤੀਆਂ ਜਾਂਦੀਆਂ ਹਨ | ਇਸ ਕਾਰਨ ਟ੍ਰੈਫ਼ਿਕ ਅਕਸਰ ਜਾਮ ਰਹਿੰਦਾ ਹੈ ਅਤੇ ਛੋਟੇ-ਵੱਡੇ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ | ਲੋਕਾਂ ਨੇ ਦੱਸਿਆ ਕਿ ਟ੍ਰੈਫ਼ਿਕ ਜਾਮ ਕਾਰਨ ਸਕੂਲੀ ਬੱਸਾਂ, ਐਂਬੂਲੈਂਸਾਂ ਅਤੇ ਫਾਇਰ ਬਿ੍ਗੇਡ ਵਰਗੀਆਂ ਐਮਰਜੈਂਸੀ ਸੇਵਾਵਾਂ ਨੂੰ ਵੀ ਲੰਘਣ ਵਿਚ ਕਾਫ਼ੀ ਦਿੱਕਤ ਆਉਂਦੀ ਹੈ | ਖ਼ਾਸ ਕਰਕੇ ਦਫ਼ਤਰੀ ਸਮੇਂ ਅਤੇ ਸ਼ਾਮ ਦੇ ਵੇਲੇ ਸ਼ਹਿਰ ਦੀ ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ | ਇਲਾਕਾ ਵਾਸੀਆਂ ਨੇ ਟ੍ਰੈਫ਼ਿਕ ਪੁਲਿਸ ਅਤੇ ਨਗਰ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਰੇਹੜੀ-ਫੜੀ ਲਈ ਵੱਖਰੇ ਥਾਂ ਨਿਰਧਾਰਤ ਕੀਤੇ ਜਾਣ |