ਜੈਤੋ, 24 ਫ਼ਰਵਰੀ (ਗੁਰਮੀਤਪਾਲ ਰੋੜੀਕਪੂਰਾ)- ਨੇੜਲੇ ਪਿੰਡ ਰਾਮੂਵਾਲਾ (ਡੇਲਿਆਂਵਾਲੀ) ਅਤੇ ਰੋੜੀਕਪੂਰਾ ਵਿਖੇ ਜੈਤੋ ਰਜਬਾਹੇ 'ਤੇ ਬਣੇ ਕਈ ਪੁਲ ਬਹੁਤ ਹੀ ਖ਼ਸਤਾਹਾਲ ਅਤੇ ਤੰਗ ਹੋ ਚੁੱਕੇ ਹਨ | ਇਨ੍ਹਾਂ ਪੁਲਾਂ ਦੀ ਮਾੜੀ ਹਾਲਤ ਕਾਰਨ ਆਮ ਲੋਕਾਂ, ਕਿਸਾਨਾਂ ਅਤੇ ਵਾਹਨ ਚਾਲਕਾਂ ਨੂੰ ਹਰ ਰੋਜ਼ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਲਾਕਾ ਵਾਸੀਆਂ ਵਲੋਂ ਇਨ੍ਹਾਂ ਪੁਲਾਂ ਦੇ ਤੁਰੰਤ ਨਵੀਨੀਕਰਨ ਅਤੇ ਚੌੜਾਈ ਵਧਾਉਣ ਦੀ ਮੰਗ ਕੀਤੀ ਗਈ ਹੈ | ਪਿੰਡ ਗੁਲਾਬਗੜ੍ਹ ਰੋੜੀਕਪੂਰਾ ਦੇ ਸਰਪੰਚ ਅਰਵਿੰਦਰ ਸਿੰਘ ਬਿੰਦਰ ਬਰਾੜ, ਜਸਕਰਨ ਸਿੰਘ ਸਰਪੰਚ ਬਰਾੜ ਨਵਾਂ ਰੋੜੀਕਪੂਰਾ, ਜਸਪਾਲ ਸਿੰਘ ਬਰਾੜ ਸਰਪੰਚ ਰੋੜੀਕਪੂਰਾ, ਰਾਜਿੰਦਰ ਸਿੰਘ ਬਰਾੜ ਸਰਪੰਚ ਰਾਮੂੰਵਾਲਾ (ਡੇਲਿਆਂਵਾਲੀ), ਮਲਕੀਤ ਸਿੰਘ ਫ਼ੌਜੀ ਰੋੜੀਕਪੂਰਾ, ਦਾਰਾ ਸਿੰਘ ਢਿੱਲੋਂ, ਅੰਗਰੇਜ਼ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਪੁਲਾਂ ਦੀ ਚੌੜਾਈ ਬਹੁਤ ਘੱਟ ਹੋਣ ਕਰਕੇ ਦੋ ਵਾਹਨਾਂ ਦਾ ਇਕੱਠੇ ਲੰਘਣਾ ਅਕਸਰ ਮੁਸ਼ਕਿਲ ਹੋ ਜਾਂਦਾ ਹੈ, ਜਿਸ ਨਾਲ ਟ੍ਰੈਫ਼ਿਕ ਜਾਮ ਅਤੇ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ | ਖ਼ਾਸ ਕਰਕੇ ਕਿਸਾਨਾਂ ਦੀਆਂ ਟਰੈਕਟਰ-ਟਰਾਲੀਆਂ, ਸਕੂਲੀ ਬੱਸਾਂ, ਮੋਟਰਸਾਈਕਲ ਸਵਾਰਾਂ ਅਤੇ ਐਂਬੂਲੈਂਸ ਵਰਗੀਆਂ ਐਮਰਜੈਂਸੀ ਸੇਵਾਵਾਂ ਨੂੰ ਲੰਘਣ 'ਚ ਕਾਫ਼ੀ ਦਿੱਕਤ ਆਉਂਦੀ ਹੈ | ਇਲਾਕਾ ਵਾਸੀਆਂ ਨੇ ਦੱਸਿਆ ਕਿ ਕਈ ਪੁਲਾਂ ਦੀ ਹਾਲਤ ਏਨੀ ਮਾੜੀ ਹੋ ਚੁੱਕੀ ਹੈ ਕਿ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਹੈ | ਪੁਲਾਂ ਦੇ ਪਿਲਰ ਅਤੇ ਸੜਕ ਹਿੱਸੇ ਟੁੱਟ-ਫੁੱਟ ਦਾ ਸ਼ਿਕਾਰ ਹਨ | ਲੋਕਾਂ ਨੇ ਪ੍ਰਸ਼ਾਸਨ ਅਤੇ ਸਬੰਧਿਤ ਵਿਭਾਗਾਂ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਪੁਲਾਂ ਦੀ ਤੁਰੰਤ ਤਕਨੀਕੀ ਜਾਂਚ ਕਰਵਾਈ ਜਾਵੇ ਅਤੇ ਬਿਨਾਂ ਦੇਰੀ ਕੀਤੇ ਮੁਰੰਮਤ ਤੇ ਨਵੀਨੀਕਰਨ ਦਾ ਕੰਮ ਸ਼ੁਰੂ ਕੀਤਾ ਜਾਵੇ | ਇਲਾਕਾ ਵਾਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਮੇਂ ਸਿਰ ਕੋਈ ਢੁੱਕਵੀਂ ਕਾਰਵਾਈ ਨਾ ਕੀਤੀ ਗਈ ਤਾਂ ਉਹ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹੋਣਗੇ |