ਮਲੋਟ, 24 ਫ਼ਰਵਰੀ (ਪਾਟਿਲ, ਅਜਮੇਰ ਸਿੰਘ ਬਰਾੜ)-ਮਲੋਟ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ (ਮਿਮਿਟ) ਮਲੋਟ ਦੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਵਲੋਂ ਬੀ.ਟੈੱਕ. ਸੀ.ਐੱਸ.ਈ. ਦੇ 6ਵੇਂ ਸਮੈਸਟਰ ਦੇ ਵਿਦਿਆਰਥੀਆਂ ਲਈ ਰਿਸਰਚ ਪੇਪਰ ਰਾਈਟਿੰਗ ਸਟਰਕਚਰ ਐਂਡ ਸਟ੍ਰੈਟਜੀ ਵਿਸ਼ੇ 'ਤੇ ਲੈਕਚਰ ਕਰਵਾਇਆ ਗਿਆ | ਸੈਸ਼ਨ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਖੋਜ ਲੇਖਣ ਦੇ ਬੁਨਿਆਦੀ ਸਿਧਾਂਤਾਂ ਤੇ ਮਾਰਗ ਦਰਸ਼ਨ ਕਰਨਾ ਸੀ, ਜਿਸ ਵਿਚ ਇਕ ਢੁਕਵੇਂ ਖੋਜ ਸਿਰਲੇਖ ਦੀ ਚੋਣ, ਖੋਜ ਸਮੱਸਿਆ ਦੀ ਪਛਾਣ ਤੇ ਪਰਿਭਾਸ਼ਾ, ਇਕ ਪ੍ਰਭਾਵਸ਼ਾਲੀ ਸਾਹਿਤ ਸਮੀਖਿਆ ਕਰਨਾ ਅਤੇ ਇਕ ਖੋਜ ਪੱਤਰ ਲਈ ਇਕ ਸਪੱਸ਼ਟ ਤੇ ਯੋਜਨਾਬੱਧ ਖੋਜ ਵਿਧੀ ਦਾ ਖਰੜਾ ਤਿਆਰ ਕਰਨਾ ਸ਼ਾਮਿਲ ਸੀ | ਭਾਸ਼ਣ ਦਾ ਉਦੇਸ਼ ਵਿਦਿਆਰਥੀਆਂ ਦੀ ਅਕਾਦਮਿਕ ਖੋਜ ਅਭਿਆਸਾਂ ਦੀ ਸਮਝ ਨੂੰ ਵਧਾਉਣਾ ਅਤੇ ਉਨ੍ਹਾਂ ਦੇ ਵਿਸ਼ਲੇਸ਼ਣਾਤਮਕ ਤੇ ਲਿਖਣ ਦੇ ਹੁਨਰ ਨੂੰ ਵਿਕਸਤ ਕਰਨਾ ਸੀ | ਸੈਸ਼ਨ ਦਾ ਸੰਚਾਲਨ ਸੀ.ਐੱਸ.ਈ. ਵਿਭਾਗ ਦੀ ਫ਼ੈਕਲਟੀ ਮੈਂਬਰ ਡਾ. ਰਣਜੀਤ ਕੌਰ ਦੁਆਰਾ ਕੀਤਾ ਗਿਆ | ਉਨ੍ਹਾਂ ਦੇ ਨਾਲ ਵਿਭਾਗ ਦੇ ਫ਼ੈਕਲਟੀ ਮੈਂਬਰ ਇੰਜੀ. ਸ਼ਵੀ ਜੁਨੇਜਾ ਤੇ ਇੰਜੀ. ਗੁਰਪ੍ਰੀਤ ਕੌਰ ਵੀ ਹਾਜ਼ਰ ਸਨ | ਸੀ.ਐੱਸ.ਈ. ਵਿਭਾਗ ਦੀ ਮੁਖੀ ਡਾ. ਸੋਨੀਆ ਸ਼ਰਮਾ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਮਾਹਿਰ ਸੈਸ਼ਨ ਵਿਦਿਆਰਥੀਆਂ ਲਈ ਬਹੁਤ ਲਾਭਦਾਇਕ ਹਨ | ਸੰਸਥਾ ਦੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਵਲੋਂ ਇਸ ਅਕਾਦਮਿਕ ਸੈਸ਼ਨ ਲਈ ਸੀ.ਐੱਸ.ਈ. ਵਿਭਾਗ ਦੇ ਫ਼ੈਕਲਟੀ ਮੈਂਬਰਾਂ ਦੇ ਸਮਰਪਿਤ ਯਤਨਾਂ ਦੀ ਸ਼ਲਾਘਾ ਕੀਤੀ ਗਈ |