ਫ਼ਰੀਦਕੋਟ, 7 ਮਾਰਚ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਢੁੱਡੀ ਵਿਖੇ ਇਕ ਪੰਜ ਸਾਲ ਦੇ ਬੱਚੇ ਦੀ ਛੱਪੜ ਵਿਚ ਡਿੱਗਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਮੁਤਾਬਿਕ ਇਕ ਪੰਜ ਸਾਲ ਛੋਟਾ ਬੱਚਾ ਛੱਪੜ ਦੇ ਕਿਨਾਰੇ ਖੇਡ ਰਿਹਾ ਸੀ ਉਸਦੀ ਗੇਂਦ ਛੱਪੜ ਵਿਚ ਜਾ ਡਿੱਗੀ ਜਿਸ ਨੂੰ ਕੱਢਣ ਲਈ ਉਹ ਗੇਂਦ ਦੇ ਪਿੱਛੇ ਛੱਪੜ ਵਿਚ ਜਾ ਉਤਰਿਆ ਪਰ ਮਾੜੀ ਕਿਸਮਤ ਕਿ ਉਹ ਛੱਪੜ ਦੇ ਅੰਦਰ ਡੁੱਬ ਗਿਆ | ਹਾਲਾਂਕਿ ਮੌਕੇ 'ਤੇ ਲੋਕਾਂ ਨੂੰ ਜਦ ਇਸ ਘਟਨਾ ਦਾ ਪਤਾ ਲੱਗਾ ਤਾਂ ਤੁਰੰਤ ਉਨ੍ਹਾਂ ਵਲੋਂ ਬੱਚੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਪਰ ਸੰਭਵ ਨਾ ਹੋ ਸਕਿਆ | ਇਸੇ ਦਰਮਿਆਨ ਪ੍ਰਸ਼ਾਸਨ ਵਲੋਂ ਐਨ.ਡੀ.ਆਰ ਐਫ. ਦੀਆਂ ਟੀਮਾਂ ਨੂੰ ਸੂਚਨਾ ਦਿੱਤੀ ਗਈ | ਕਰੀਬ ਚਾਰ ਘੰਟੇ ਦੀ ਮੁਸ਼ੱਕਤ ਕਰਨ ਦੇ ਬਾਵਜੂਦ ਵੀ ਬੱਚੇ ਨੂੰ ਜਿੰਦਾ ਬਾਹਰ ਨਹੀਂ ਕੱਢਿਆ ਜਾ ਸਕਿਆ | ਬੱਚੇ ਦੇ ਪਿਤਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਜਦ ਸੁਭਾ 11 ਵਜੇ ਕੰਮ 'ਤੇ ਜਾ ਰਿਹਾ ਸੀ ਤਾਂ ਪਿੱਛੋਂ ਪਤਾ ਲੱਗਾ ਕਿ ਉਸਦਾ ਬੱਚਾ ਛੱਪੜ ਵਿਚ ਜਾ ਡਿੱਗਾ ਉਹ ਤੁਰੰਤ ਵਾਪਸ ਆਇਆ | ਬੱਚੇ ਦੀ ਮਾਤਾ ਵਲੋਂ ਕੋਸ਼ਿਸ਼ ਕੀਤੀ ਗਈ ਸੀ ਕਿ ਬੱਚੇ ਨੂੰ ਬਾਹਰ ਕੱਢਿਆ ਜਾਵੇ ਪਰ ਬਹੁਤ ਹੀ ਜਲਦੀ ਪਾਣੀ ਦੇ ਵਿਚ ਜਾ ਡੁਬਾ | ਪਿੰਡ ਵਾਸੀਆਂ ਵਲੋਂ ਵੀ ਕੋਸ਼ਿਸ਼ ਕੀਤੀ ਗਈ ਪਰ ਬੱਚੇ ਨੂੰ ਬਚਾਇਆ ਨਹੀਂ ਜਾ ਸਕਿਆ | ਪਿੰਡ ਦੇ ਸਰਪੰਚ ਨਿਰਮਲ ਸਿੰਘ ਨੇ ਦੱਸਿਆ ਕਿ ਇਹ ਇਕ ਬਹੁਤ ਹੀ ਗਰੀਬ ਅਤੇ ਮਜ਼ਦੂਰੀ ਕਰਨ ਵਾਲੇ ਪਰਿਵਾਰ ਦਾ ਬੱਚਾ ਹੈ ਜੋ ਛੱਪੜ ਦੇ ਕਿਨਾਰੇ ਹੀ ਰਹਿੰਦਾ ਅਤੇ ਅੱਜ ਖੇਡਦੇ ਹੋਏ ਬੱਚਾ ਛੱਪੜ ਵਿਚ ਜਾ ਡਿੱਗਾ | ਉਨ੍ਹਾਂ ਦੱਸਿਆ ਕਿ ਛੱਪੜ ਦੀ ਡੁੰਘਾਈ ਜ਼ਿਆਦਾ ਹੋਣ ਦੇ ਚਲਦੇ ਬੱਚੇ ਨੂੰ ਬਾਹਰ ਕੱਢਣਾ ਸੰਭਵ ਨਹੀਂ ਹੋ ਸਕਿਆ ਹਾਲਾਂਕਿ ਪ੍ਰਸ਼ਾਸਨ ਦੀ ਮਦਦ ਦੇ ਨਾਲ ਐਨਡੀਆਰਐਫ ਦੀਆਂ ਟੀਮਾਂ ਮੌਕੇ ਦੇ ਪੁੱਜੀਆਂ ਜਿਨਾਂ ਵਲੋਂ ਬਹੁਤ ਕੋਸ਼ਿਸ਼ ਕੀਤੀ ਗਈ ਬੱਚੇ ਨੂੰ ਜਿੰਦਾ ਬਾਹਰ ਕੱਢਿਆ ਜਾ ਸਕੇ ਪਰ ਇਹ ਸੰਭਵ ਨਹੀਂ ਹੋ ਸਕਿਆ | ਡੀਐਸਪੀ ਤਰਲੋਚਣ ਸਿੰਘ ਨੇ ਦੱਸਿਆ ਕਿ ਪੰਜ ਸਾਲ ਦੇ ਬੱਚੇ ਦਾ ਨਾਂਅ ਅਭੀਜੀਤ ਸਿੰਘ ਸੀ ਅਤੇ ਉਸਦੀ ਇਕ ਭੈਣ ਵੀ ਹੈ | ਜਿਸਦਾ ਉਹ ਇਕਲੌਤਾ ਭਰਾ ਸੀ | ਫਿਲਹਾਲ ਪਿੰਡ ਵਿਚ ਇਸ ਘਟਨਾ ਤੋਂ ਬਾਅਦ ਬਹੁਤ ਜ਼ਿਆਦਾ ਗਮਗੀਨ ਮਾਹੌਲ ਪਸਰਿਆ ਹੋਇਆ |