ਫ਼ਰੀਦਕੋਟ, 7 ਮਾਰਚ (ਜਸਵੰਤ ਸਿੰਘ ਪੁਰਬਾ)-ਪੁਲਿਸ ਵਲੋਂ ਮਾੜੇ ਅਨਸਰਾਂ ਖਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ | ਇਹ ਜਾਣਕਾਰੀ ਦਿੰਦਿਆਂ ਜੋਗੇਸ਼ਵਰ ਸਿੰਘ ਐੱਸ.ਪੀ (ਇੰਨਵੈਸਟੀਗੇਸ਼ਨ) ਫ਼ਰੀਦਕੋਟ ਨੇ ਦੱਸਿਆ ਕਿ ਪੁਲਿਸ ਨੂੰ ਇਹ ਸਫ਼ਲਤਾ ਅਵਤਾਰ ਸਿੰਘ ਡੀ.ਐੱਸ.ਪੀ (ਇੰਨਵੈਸਟੀਗੇਸ਼ਨ) ਫ਼ਰੀਦਕੋਟ ਦੀ ਸਿੱਧੀ ਨਿਗਰਾਨੀ ਹੇਠ ਹਾਸਿਲ ਹੋਈ | ਜਿਸ ਵਿਚ ਸੀ.ਆਈ.ਏ ਸਟਾਫ ਫ਼ਰੀਦਕੋਟ ਅਤੇ ਥਾਣਾ ਸਦਰ ਫ਼ਰੀਦਕੋਟ ਦੀਆਂ ਟੀਮਾਂ ਨੇ ਅਹਿਮ ਭੂਮਿਕਾ ਨਿਭਾਈ | ਗਿ੍ਫ਼ਤਾਰ ਕੀਤੇ ਮੁਲਜ਼ਮ ਦੀ ਪਹਿਚਾਣ ਗੁਰਮੰਗਤ ਸਿੰਘ ਪੁੱਤਰ ਬਲਦੇਵ ਸਿੰਘ ਵਜੋਂ ਹੋਈ ਹੈ | ਜੋ ਕਿ ਹਰਿਆਣਾ ਦੇ ਫਤਿਆਬਾਦ ਜ਼ਿਲ੍ਹੇ ਦੇ ਪਿੰਡ ਰੱਤਾਖੇੜਾ ਨਾਲ ਸਬੰਧਿਤ ਹੈ | ਪੁਲਿਸ ਟੀਮ ਨੇ ਦੋਸ਼ੀ ਪਾਸੋਂ ਇਕ ਟੋਇਟਾ ਅਰਬਨ ਕਰੂਜਰ ਕਾਰ ਅਤੇ ਹਰਿਆਣਾ ਪੁਲਿਸ ਦੇ ਐੱਸ.ਆਈ ਦਾ ਜਾਅਲੀ ਆਈਕਾਰਡ ਵੀ ਬਰਾਮਦ ਕੀਤਾ ਹੈ | ਉਨ੍ਹਾਂ ਦੱਸਿਆ ਕਿ ਸਹਾਇਕ ਥਾਣੇਦਾਰ ਰਵੀ ਕਾਂਤ ਪੁਲਿਸ ਪਾਰਟੀ ਸਮੇਤ ਹਾਈਟੈਕ ਨਾਕਾ ਪਿੰਡ ਟਹਿਣਾ ਵਿਖੇ ਮੌਜੂਦ ਸੀ ਤਾਂ ਉਨ੍ਹਾਂ ਵਲੋਂ ਇਕ ਕਾਰ ਟੋਇਟਾ ਅਰਬਨ ਕਰੂਜਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਗੱਡੀ ਦੇ ਡਰਾਈਵਰ ਨੇ ਕਿਹਾ ਕਿ ਇਹ ਹਾਈਕੋਰਟ ਦੇ ਜੱਜ ਦੀ ਗੱਡੀ ਹੈ, ਜਦ ਉਸ ਪਾਸੋਂ ਡਰਾਇਵਿੰਗ ਲਾਇਸੰਸ ਦੀ ਮੰਗ ਕੀਤੀ ਤਾਂ ਉਸ ਵਲੋਂ ਹਰਿਆਣਾ ਦੇ ਸਬ ਇੰਸਪੈਕਟਰ ਦਾ ਅਡੈਟੀਕਾਰਡ ਜੋ ਗੁਰਮੰਗਤ ਸਿੰਘ ਦੇ ਨਾਮ ਪਰ ਸੀ ਦਿਖਾਇਆ ਗਿਆ ਪ੍ਰੰਤੂ ਤਾਇਨਾਤੀ ਬਾਰੇ ਕੋਈ ਵੀ ਤਸੱਲੀਬਖ਼ਸ਼ ਜਵਾਬ ਨਾ ਦੇ ਸਕਣ 'ਤੇ ਬਹਿਸ ਬਾਜ਼ੀ ਕਰਨ ਲੱਗਾ, ਜਿਸ ਉਪਰੰਤ ਉਸ ਵਲੋਂ ਮਾਰ ਦੇਣ ਦੀ ਨੀਯਤ ਨਾਲ ਪੁਲਿਸ ਮੁਲਾਜ਼ਮ 'ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ | ਘਟਨਾ ਦੀ ਸੂਚਨਾ ਮਿਲਦੇ ਹੀ ਫ਼ਰੀਦਕੋਟ ਪੁਲਿਸ ਵਲੋਂ ਜ਼ਿਲ੍ਹੇ ਅੰਦਰ ਤੁਰੰਤ ਨਾਕਾਬੰਦੀ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਗਈ | ਜਿਸ ਦੌਰਾਨ ਸਹਾਇਕ ਥਾਣੇਦਾਰ ਰਾਜ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਦੋਸ਼ੀ ਨੂੰ ਬੀੜ ਚਹਿਲ ਪਾਸੋਂ ਗੱਡੀ ਸਮੇਤ ਗਿ੍ਫ਼ਤਾਰ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਦੋਸ਼ੀ ਵਲੋਂ ਹੋਰ ਵੀ ਜਾਅਲੀ ਆਈ.ਡੀ ਕਾਰਡ ਤਿਆਰ ਕੀਤੇ ਗਏ ਸਨ | ਇਸ ਤੋਂ ਇਲਾਵਾ ਇਸ ਵਲੋਂ ਆਪਣੀ ਗੱਡੀ 'ਤੇ ਫ਼ਲੈਸ਼ਰ ਲਾਈਟ ਅਤੇ ਹਾਈਕੋਰਟ ਦੇ ਜੱਜ ਦੇ ਜਾਅਲੀ ਸਟਿੱਕਰ ਲਗਾਏ ਹੋਏ ਸਨ | ਫ਼ਰੀਦਕੋਟ ਪੁਲਿਸ ਵਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਸ ਮੁਲਜ਼ਮ ਵਲੋਂ ਹੋਰ ਕਿਹੜੀਆਂ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਗਿਆ | ਇਸ ਸਬੰਧੀ ਥਾਣਾ ਸਦਰ ਫ਼ਰੀਦਕੋਟ ਵਿਖੇ ਦੋਸ਼ੀ ਖਿਲਾਫ਼ ਮੁਕੱਦਮਾ ਨੰਬਰ 62 ਮਿਤੀ 06.03.2026 ਅਧੀਨ ਧਾਰਾ 109, 132, 221 ਬੀ. ਐਨ. ਐੱਸ. ਤਹਿਤ ਦਰਜ ਰਜਿਸਟਰ ਕੀਤਾ ਗਿਆ ਹੈ | ਜਿਸ ਵਿੱਚ ਬੀ. ਐਨ. ਐੱਸ. ਦੀ ਧਾਰਾ 336 (2), 336 (3), 340 (2) ਦਾ ਵਾਧਾ ਕੀਤਾ ਗਿਆ ਹੈ |