ਜੈਤੋ, 9 ਮਾਰਚ (ਗੁਰਚਰਨ ਸਿੰਘ ਗਾਬੜੀਆ)-ਨਗਰ ਕੌਂਸਲ ਜੈਤੋ ਵਲੋਂ ਨਹਿਰੂ ਪਾਰਕ ਦੀ ਦਿੱਖ ਨੂੰ ਹੋਰ ਖੂਬਸੂਰਤ ਬਣਾਉਣ ਲਈ ਬਟਰਫ਼ਲਾਈ ਪਾਰਕ ਤੇ ਪੋਲੀਨੇਟਰ ਜ਼ੋਨ ਸਥਾਪਤ ਕੀਤਾ ਜਾ ਰਿਹਾ ਹੈ | ਇਹ ਯੋਜਨਾ ਝਾਰਖੰਡ ਦੀ ਉੱਘੀ ਤਿਤਲੀ ਮਾਹਿਰ ਧਾਰਾ ਠੱਕਰ ਦੀ ਰਹਿਨੁਮਾਈ ਹੇਠ ਨੇਪਰੇ ਚੜ੍ਹਾਈ ਜਾਵੇਗੀ | ਅੱਜ ਨਗਰ ਕੌਂਸਲ ਪ੍ਰਧਾਨ ਹਰੀਸ਼ ਚੰਦਰ ਗੋਇਲ, ਸੀਨੀਅਰ ਮੀਤ ਪ੍ਰਧਾਨ ਨਰਿੰਦਰਪਾਲ ਸਿੰਘ ਰਾਮੇਆਣਾ ਅਤੇ ਇੰਸਪੈਕਟਰ ਨੈਬ ਸਿੰਘ ਨੇ ਧਾਰਾ ਠੱਕਰ ਅਤੇ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਉਮੇਂਦਰ ਦੱਤ ਨਾਲ ਮੀਟਿੰਗ ਕਰਕੇ ਖਾਕਾ ਤਿਆਰ ਕੀਤਾ | ਧਾਰਾ ਠੱਕਰ ਨੇ ਕੌਂਸਲ ਅਧਿਕਾਰੀਆਂ ਨੂੰ ਤਿਤਲੀਆਂ ਬਾਰੇ ਜਾਣੂੰ ਕਰਵਾਇਆ ਅਤੇ ਨਹਿਰੂ ਪਾਰਕ ਦਾ ਜਾਇਜ਼ਾ ਲੈ ਕੇ ਮੁੱਢਲੇ ਨਿਰਦੇਸ਼ ਵੀ ਦਿੱਤੇ | ਮੁੱਢਲੇ ਪੜ੍ਹਾਅ ਵਿਚ ਪਾਰਕ ਦੇ ਇਕ ਹਿੱਸੇ ਨੂੰ ਬਟਰਫਲਾਈ ਪਾਰਕ ਵਜੋਂ ਵਿਕਸਤ ਕੀਤਾ ਜਾਵੇਗਾ | ਇਸ ਲਈ ਪਾਰਕ ਵਿਚ ਘੱਟੋ ਘੱਟ 100 ਤਰ੍ਹਾਂ ਦੇ ਫ਼ੁੱਲਦਾਰ ਬੂਟੇੇ ਲਗਾਏ ਜਾਣੇਗੇ | ਧਾਰਾ ਠੱਕਰ ਨੇ ਪਾਰਕ ਨੂੰ ਪਲਾਸਟਿਕ ਮੁਕਤ ਕਰਨ ਲਈ ਵੀ ਸੁੱਕੇ ਪੱਤਿਆਂ ਨੂੰ ਖਾਦ ਵਿਚ ਬਦਲਣ ਵਰਗੇ ਮੁੱਢਲੇ ਕਾਰਜ ਸੁਝਾਏ | ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਉਮੇਂਦਰ ਦੱਤ ਨੇ ਕਿਹਾ ਕਿ ਕੁਦਰਤ ਦੇ ਨਿਜ਼ਾਮ ਵਿਚ ਤਿਤਲੀਆਂ ਦੀ ਵੱਡਮੁੱਲੀ ਭੂਮਿਕਾ ਹੈ | ਇਸ ਲਈ ਤਿਤਲੀਆਂ ਨੂੰ ਰਹਿਣਯੋਗ ਸਥਾਨ ਦੇਣਾ ਸਾਡਾ ਫ਼ਰਜ਼ ਹੈ | ਉਨ੍ਹਾਂ ਨਗਰ ਕੌਂਸਲ ਦੀ ਇਸ ਪਹਿਲ ਦੀ ਸ਼ਲਾਘਾ ਕੀਤੀ | ਨਗਰ ਕੌਂਸਲ ਪ੍ਰਧਾਨ ਪ੍ਰਧਾਨ ਹਰੀਸ਼ ਚੰਦਰ ਗੋਇਲ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਯੋਜਨਾ ਬੇਹੱਦ ਚੰਗੀ ਲੱਗੀ |