ਗਿੱਦੜਬਾਹਾ, 9 ਮਾਰਚ (ਸ਼ਿਵਰਾਜ ਸਿੰਘ ਬਰਾੜ)-ਪਿੰਡ ਅਬਲੂ ਕੋਟਲੀ ਵਿਖੇ ਲੜਕੇ ਦੇ ਵਿਆਹ ਸਮਾਗਮ ਵਿਚ ਮਨਮਰਜ਼ੀ ਦੇ ਗੀਤ ਨਾ ਲਗਾਉਣ ਤੋਂ ਭੜਕੀ ਮੰਡੀਰ ਨੇ ਘਰ ਵਿਚ ਦਾਖ਼ਲ ਹੋ ਕੇ ਦੋ ਮੋਟਰ ਸਾਈਕਲਾਂ ਤੇ ਟੈਂਟ ਨੂੰ ਅੱਗ ਲਾਉਣ ਤੋਂ ਇਲਾਵਾ ਦੋ ਕਾਰਾਂ ਦੀ ਵੀ ਭੰਨ ਤੋੜ ਕਰ ਦਿੱਤੀ | ਤਰਸੇਮ ਸਿੰਘ ਸਾਬਕਾ ਪੰਚ ਨੇ ਦੱਸਿਆ ਕਿ ਉਸ ਦੇ ਲੜਕੇ ਅਕਾਸ਼ਦੀਪ ਸਿੰਘ ਦਾ ਵਿਆਹ ਰੱਖਿਆ ਹੋਇਆ ਹੈ ਤੇ ਰਾਤ ਜਾਗੋ ਦਾ ਸਮਾਗਮ ਸੀ | ਉਨ੍ਹਾਂ ਦੇ ਗੁਆਂਢੀ ਅਤੇ ਸ਼ਰੀਕੇ ਦੇ ਲੜਕੇ ਵਲੋਂ ਡੀ.ਜੇ ਵਾਲੇ ਨੂੰ ਆਪਣੀ ਮਰਜ਼ੀ ਦਾ ਗੀਤ ਲਗਾਉਣ ਲਈ ਕਿਹਾ ਜਾਂਦਾ ਰਿਹਾ ਪਰ ਉਨ੍ਹਾਂ ਵਲੋਂ ਪਰਿਵਾਰ ਦੀਆਂ ਲੜਕੀਆਂ ਸਮਾਗਮ ਵਿਚ ਹੋਣ ਕਰਕੇ ਅਜਿਹਾ ਗ਼ਲਤ ਗੀਤ ਨਾ ਲਗਾਉਣ ਤੋਂ ਉਸ ਨੂੰ ਵਰਜਿਆ | ਜਿਸ ਉਪਰੰਤ ਉਹ ਲੜਕਾ ਥੋੜੀ ਦੇਰ ਬਾਅਦ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਘਰ ਵਿਚ ਦਾਖ਼ਲ ਹੋ ਗਿਆ ਤੇ ਉਨ੍ਹਾਂ ਨੇ ਦੋ ਕਾਰਾਂ ਦੀ ਬੁਰੀ ਤਰ੍ਹਾਂ ਭੰਨ ਤੋੜ ਕਰ ਦਿੱਤੀ, ਟੈਂਟ ਦਾ ਸਾਮਾਨ ਤੇ ਦੋ ਮੋਟਰ ਸਾਈਕਲਾਂ ਨੂੰ ਵੀ ਅੱਗ ਲਗਾ ਦਿੱਤੀ | ਇਸ ਤੋਂ ਇਲਾਵਾ ਘਰ ਦਾ ਹੋਰ ਵੀ ਨੁਕਸਾਨ ਕੀਤਾ | ਉਨ੍ਹਾਂ ਮਡੀਰ ਦੇ ਵੱਡੇ ਕਾਫ਼ਲੇ ਨੂੰ ਦੇਖਕੇ ਡਰਦਿਆਂ ਕਮਰਿਆਂ ਵਿਚ ਲੁਕ ਕੇ ਜਾਨ ਬਚਾਈ | ਉਨ੍ਹਾਂ ਦੱਸਿਆ ਕਿ ਉਸ ਦੇ ਭਰਾ ਬਲਤੇਜ ਸਿੰਘ ਨੂੰ ਵੀ ਗੰਭੀਰ ਜ਼ਖ਼ਮੀ ਕਰ ਦਿੱਤਾ ਜਿਸ ਨੂੰ ਫ਼ਰੀਦਕੋਟ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ | ਥਾਣਾ ਕੋਟਭਾਈ ਮੁਖੀ ਦੀਪਿਕਾ ਕੰਬੋਜ ਨੇ ਦੱਸਿਆ ਕਿ ਪਿੰਡ ਅਬਲੂ ਕੋਟਲੀ ਵਿਖੇ ਵਿਆਹ ਸਮਾਗਮ ਵਿਚ ਹੋਈ ਲੜਾਈ ਵਿਚ ਪੀੜਤ ਪਰਿਵਾਰ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ |