ਫ਼ਰੀਦਕੋਟ, 10 ਮਾਰਚ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਬਲਾਕ ਸੰਮਤੀ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ 'ਚ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਉੱਪਰ ਕਾਂਗਰਸ ਪਾਰਟੀ ਅੰਦਰੋਂ ਤੇ ਬਾਹਰੋਂ ਲੱਗੇ ਸੌਦੇਬਾਜ਼ੀ ਦੇ ਦੋਸ਼ਾਂ ਤੋਂ ਬਾਅਦ ਅੱਜ ਉਨ੍ਹਾਂ ਨੇ ਆਪਣੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਨ੍ਹਾਂ ਦੇ ਵਿਰੋਧੀ 25 ਲੱਖ ਰੁਪਏ 'ਚ ਹੋਏ ਸੌਦੇ ਦੀ ਗੱਲ ਕਰ ਰਹੇ ਹਨ | ਉਹ ਬਿੱਲਕੁਲ ਝੂਠ ਦਾ ਪੁਲੰਦਾ ਹੈ | ਇਨ੍ਹਾਂ ਖ਼ਰਚਾ ਤਾਂ ਛੇ ਮਹੀਨੇ ਵਿਚ ਰੱਖੇ ਗਏ ਘੋੜਿਆਂ ਤੇ ਕੁੱਤਿਆਂ 'ਤੇ ਹੀ ਖ਼ਰਚ ਹੋ ਜਾਂਦਾ ਹੈ | ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਵਿਚ ਬੇਜ਼ੁਬਾਨੇ ਜਾਨਵਰਾਂ ਨੂੰ ਲਿਆਉਣਾ ਨਹੀਂ ਚਾਹੁੰਦੇ ਸਨ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਤਾਂ ਉਹ ਹਰ ਛੇ ਮਹੀਨੇ ਬਾਅਦ ਸੌਦੇਬਾਜ਼ੀ ਕਰਦੇ ਰਹਿਣਗੇ | ਜ਼ਿਕਰਯੋਗ ਹੈ ਕਿ ਬਲਾਕ ਸੰਮਤੀ ਫ਼ਰੀਦਕੋਟ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਸਮੇਂ ਕਾਂਗਰਸ ਪਾਰਟੀ ਦੀਆਂ 9 ਸੀਟਾਂ ਹੋਣ ਦੇ ਬਾਵਜੂਦ ਤਿੰਨ ਸੀਟਾਂ ਵਾਲੀ ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਕੇ ਆਮ ਆਦਮੀ ਪਾਰਟੀ ਦਾ ਚੇਅਰਮੈਨ ਸਰਬਜੀਤ ਸਿੰਘ ਬਰਾੜ ਨੂੰ ਬਣਾ ਦਿੱਤਾ ਗਿਆ ਸੀ | ਜਦੋਂ ਇਸ ਚੋਣ ਵਿਚ ਸ਼ੋ੍ਰਮਣੀ ਅਕਾਲੀ ਦਲ ਬਾਦਲ ਜਿਨ੍ਹਾਂ ਦੇ 8 ਮੈਂਬਰ ਸਨ ਉਨ੍ਹਾਂ ਨੇ ਇਸ ਚੋਣ ਦਾ ਬਾਈਕਾਟ ਕੀਤਾ ਸੀ | ਇਕਲੌਤੀ ਭਾਜਪਾ ਦੀ ਮੈਂਬਰ ਵੀ ਸਰਕਾਰ ਦੇ ਹੱਕ ਵਿਚ ਭੁਗਤ ਗਈ ਸੀ | ਇਸ ਤੋਂ ਬਾਅਦ ਹੀ ਕਾਂਗਰਸ ਪਾਰਟੀ ਦੇ ਅੰਦਰੋਂ ਤੇ ਬਾਹਰੋਂ ਸੌਦੇਬਾਜ਼ੀ ਦੇ ਦੋਸ਼ ਸਾਹਮਣੇ ਆਏ ਸਨ | ਉਨ੍ਹਾਂ ਆਪਣੇ ਵਿਰੋਧੀਆਂ 'ਤੇ ਤੰਝ ਕਸਦਿਆਂ ਕਿਹਾ ਕਿ ਸੌਦੇਬਾਜ਼ੀ ਤਾਂ ਉਹ ਕਰਦੇ ਹਨ ਜਿਨ੍ਹਾਂ ਦਾ ਆਪਣਾ ਕਾਰੋਬਾਰ ਨਾ ਹੋਵੇ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਪਵਨ ਗੋਇਲ, ਦਰਸ਼ਨ ਸਿੰਘ ਢਿਲਵਾਂ, ਦਰਸ਼ਨ ਸਿੰਘ ਸਹੋਤਾ, ਰਣਜੀਤ ਸਿੰਘ ਭੋਲੂਵਾਲਾ, ਗੁਰਸ਼ਵਿੰਦਰ ਸਿੰਘ, ਗਿੰਦਰਜੀਤ ਸਿੰਘ ਸੇਖੋਂ, ਡਾ. ਜੰਗੀਰ ਸਿੰਘ, ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਟਿੱਕਾ, ਉਪ ਚੇਅਰਮੈਨ ਲਖਵਿੰਦਰ ਸਿੰਘ ਲੱਖਾ, ਸਾਬਕਾ ਚੇਅਰਮੈਨ ਲਲਿਤ ਕੁਮਾਰ ਗੁਪਤਾ ਆਦਿ