ਫ਼ਰੀਦਕੋਟ, 12 ਮਾਰਚ (ਜਸਵੰਤ ਸਿੰਘ ਪੁਰਬਾ)-ਅਮਰੀਕਾ ਤੇ ਈੇਰਾਨ ਵਿਚਕਾਰ ਚੱਲ ਰਹੇ ਯੁੱਧ ਤੋਂ ਬਾਅਦ ਪੈਟਰੋਲਿੰਗ ਪਦਾਰਥਾਂ ਦੀ ਕਾਫ਼ੀ ਕਿੱਲਤ ਮਹਿਸੂਸ ਕੀਤੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਹਾਲਾਂਕਿ ਪੈਟਰੋਲ ਪੰਪਾਂ ਵਿਚ ਕੋਈ ਜ਼ਿਆਦਾ ਦਿੱਕਤ ਨਹੀਂ ਆਈ ਪਰ ਘਰੇਲੂ ਗੈਸ ਅਤੇ ਕਮਰਸ਼ੀਅਲ ਗੈਸ ਨੂੰ ਲੈ ਕੇ ਕਾਫ਼ੀ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਆਉਣ ਵਾਲੇ ਦਿਨਾਂ ਵਿਚ ਘਰੇਲੂ ਗੈਸ ਤੇ ਕਮਰਸ਼ੀਅਲ ਗੈਸ ਦੀ ਕਿੱਲਤ ਵਧਣ ਦੇ ਚੱਲਦਿਆਂ ਲੋਕਾਂ ਨੂੰ ਦਿੱਕਤ ਆ ਸਕਦੀ ਹੈ | ਗੈਸ ਏਜੰਸੀਆਂ ਦੇ ਬਾਹਰ ਲੋਕਾਂ ਦੀਆਂ ਲੰਮੀਆਂ ਲੰਮੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ | ਇੱਥੇ ਇਹ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਲੋਕ ਗੈਸ ਦੀ ਕਿੱਲਤ ਨੂੰ ਦੇਖਦੇ ਹੋਏ ਇੰਡਕਸ਼ਨ ਚੁੱਲ੍ਹੇ ਵੀ ਵੱਧ ਤੋਂ ਵੱਧ ਖਰੀਦ ਰਹੇ ਹਨ ਜੋ ਬਿਜਲੀ 'ਤੇ ਚੱਲਦੇ ਹਨ | ਅੱਜ ਜਦ ਜ਼ਮੀਨੀ ਪੱਧਰ 'ਤੇ ਜਾ ਕੇ ਹਕੀਕਤ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਲੋਕ ਪਹਿਲਾਂ ਨਾਲੋਂ ਜ਼ਿਆਦਾ ਗਿਣਤੀ ਵਿਚ ਇੰਡਕਸ਼ਨ ਚੁੱਲਿਆਂ ਦੀ ਖਰੀਦ ਕਰ ਰਹੇ ਹਨ | ਉੱਥੇ ਦੁਕਾਨਦਾਰਾਂ ਦਾ ਕਹਿਣਾ ਕਿ ਜਿੱਥੇ ਪਹਿਲਾਂ ਦਿਨ ਵਿਚ ਦੋ ਚੁੱਲ੍ਹੇ ਵਿਕਦੇ ਸਨ ਹੁਣ ਦਿਨ ਵਿਚ 10 ਤੋਂ 15 ਚੁੱਲੇ ਵਿਕਦੇ ਹਨ | ਉਨ੍ਹਾਂ ਕਿਹਾ ਕਿ ਹਾਲੇ ਤੱਕ ਉਨ੍ਹਾਂ ਕੋਲ ਸਟੋਕ ਵਿਚ ਕਾਫੀ ਚੁੱਲੇ ਹਨ ਪਰ ਪਿੱਛੋਂ ਕੰਪਨੀਆਂ ਨੇ ਐਲਾਨ ਕਰ ਦਿੱਤਾ ਕਿ ਜੋ ਅਗਲਾ ਸਟੋਕ ਆਵੇਗਾ ਉਨ੍ਹਾਂ ਨੂੰ ਵਧੇ ਰੇਟ 'ਤੇ ਮਿਲੇਗਾ ਇਸ ਕਰਕੇ ਆਉਣ ਵਾਲੇ ਦਿਨਾਂ ਵਿਚ ਇੰਡਕਸ਼ਨ ਚੁੱਲਿਆਂ ਦਾ ਰੇਟ ਵੀ ਵੱਧ ਸਕਦਾ ਹੈ | ਉਧਰ ਗੈਸ ਏਜੰਸੀ ਦੇ ਬਾਹਰ ਖੜੇ੍ਹ ਲੋਕਾਂ ਨੇ ਕਿਹਾ ਕਿ ਜੋ ਪਹਿਲਾਂ ਸਿਲੰਡਰ ਆਮ ਮਿਲ ਜਾਂਦਾ ਸੀ | ਡਿਮਾਂਡ ਦੇ ਅਨੁਸਾਰ ਉਹ ਹੁਣ ਬੁਕਿੰਗ ਤੋਂ ਬਿਨ੍ਹਾਂ ਨਹੀਂ ਮਿਲਦਾ ਜਿਸ ਕਰਕੇ ਉਨ੍ਹਾਂ ਨੂੰ ਵੱਡੀਆਂ ਦਿੱਕਤਾਂ ਆ ਰਹੀਆਂ ਹਨ | ਦੂਜੇ ਪਾਸੇ ਗੈਸ ਦੇ ਰੇਟ ਵੀ ਵੱਧ ਗਏ ਹਨ ਤੇ ਮਿਲੇਗਾ ਵੀ 45 ਦਿਨ ਦੇ ਬਾਅਦ ਜਿਸ ਦੇ ਚਲਦੇ ਇਕ ਡਰ ਦਾ ਮਾਹੌਲ ਜ਼ਰੂਰ ਹੈ ਕਿ ਆਉਣ ਵਾਲੇ ਦਿਨਾਂ 'ਚ ਗੈਸ ਦੀ ਕਿੱਲਤ ਆ ਸਕਦੀ ਹੈ | ਇਸ ਸੰਬੰਧ 'ਚ ਗੈਸ ਏਜੰਸੀ ਮਾਲਕ ਨੇ ਕਿਹਾ ਕਿ ਕੰਪਨੀ ਵਲੋਂ ਸਪਲਾਈ ਆਮ ਦੀ ਤਰ੍ਹਾਂ ਦਿੱਤੀ ਜਾ ਰਹੀ ਹੈ ਪਰ ਥੋੜੇ ਰੂਲ ਜ਼ਰੂਰ ਸਖਤ ਕਰ ਦਿੱਤੇ ਹਨ ਕਿ ਬਿਨ੍ਹਾਂ ਕੇਵਾਈਸੀ ਤੇ ਬਿਨ੍ਹਾਂ ਬੁਕਿੰਗ 'ਤੇ ਕਿਸੇ ਨੂੰ ਵੀ ਸਿਲੰਡਰ ਨਹੀਂ ਮਿਲੇਗਾ ਅਤੇ ਜੋ ਸਿਲੰਡਰ ਪਹਿਲਾਂ 25 ਦਿਨ ਬਾਅਦ ਬੁੱਕ ਹੋਣਾ ਸੀ ਹੁਣ ਉਸਦਾ ਰੂਲ ਬਦਲ ਕੇ 45 ਦਿਨ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਜੇਕਰ ਕੋਈ ਅੱਜ ਬੁੱਕ ਕਰਵਾਉਂਦਾ ਹੈ ਤਾਂ ਅਗਲੇ ਦਿਨ ਉਨ੍ਹਾਂ ਦੇ ਘਰੇ ਵੀ ਸਿਲੰਡਰ ਦੀ ਸਪਲਾਈ ਮਿਲ ਜਾਂਦੀ ਹੈ ਇਸ ਲਈ ਘਬਰਾਉਣ ਦੀ ਕੋਈ ਲੋੜ ਨਹੀਂ ਹੈ | ਰੂਟੀਨ 'ਚ ਸਿਲੰਡਰ ਦੀ ਸਪਲਾਈ ਹੋ ਰਹੀ ਹੈ |