ਮਲੋਟ 'ਚ ਆਵਾਰਾ ਕੁੱਤਿਆਂ ਦੀ ਦਹਿਸ਼ਤ
ਅਜੀਤ ਡੈਸਕ
13-03-2026
ਮਲੋਟ, 12 ਮਾਰਚ (ਪਾਟਿਲ, ਅਜਮੇਰ ਸਿੰਘ ਬਰਾੜ)-ਮਲੋਟ 'ਚ ਆਵਾਰਾ ਕੁੱਤਿਆਂ ਦੀ ਦਹਿਸ਼ਤ ਲਗਾਤਾਰ ਜਾਰੀ ਹੈ | ਹਰ ਦਿਨ ਕੋਈ ਨਾ ਕੋਈ ਘਟਨਾ ਸਾਹਮਣੇ ਆ ਰਹੀ ਹੈ, ਪਰ ਪ੍ਰਸ਼ਾਸਨ ਵਲੋਂ ਕੋਈ ਵੀ ਪੁਖ਼ਤਾ ਕਦਮ ਨਹੀਂ ਚੁੱਕੇ ਜਾ ਰਹੇ ਹਨ | ਮਾਮਲਾ ਡੀ.ਏ.ਵੀ. ਕਾਲਜ ਮਲੋਟ ਦੇ ਨਜ਼ਦੀਕ ਰਹਿਣ ਵਾਲੇ ਵਿਅਕਤੀ ਰਜਿੰਦਰ ਕੁਮਾਰ ਦਾ ਹੈ, ਜੋ ਕਿ ਬੀਤੇ ਦਿਨ ਨਜ਼ਦੀਕੀ ਢਾਬੇ ਤੋਂ ਕੁਝ ਸਾਮਾਨ ਲੈਣ ਗਏ ਸਨ, ਜਿੱਥੇ ਆਵਾਰਾ ਕੁੱਤੇ ਵਲੋਂ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਗਿਆ | ਹਮਲਾ ਐਨਾ ਭਿਆਨਕ ਸੀ ਕਿ ਕੁੱਤੇ ਨੇ ਰਜਿੰਦਰ ਕੁਮਾਰ ਦਾ ਸਾਰਾ ਮੂੰਹ ਹੀ ਨੋਚ ਲਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਮਲੋਟ ਵਿਖੇਿ ਲਜਾਇਆ ਗਿਆ, ਜਿੱਥੋਂ ਉਨ੍ਹਾਂ ਨੇ ਰਜਿੰਦਕ ਕੁਮਾਰ ਨੂੰ ਬਠਿੰਡਾ ਦੇ ਏਮਜ਼ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ | ਉਨ੍ਹਾਂ ਦੀ ਹਾਲਤ ਐਨੀ ਗੰਭੀਰ ਸੀ ਕਿ ਡਾਕਟਰਾਂ ਨੇ ਟਾਂਕੇ ਲਗਾਉਣ ਤੋਂ ਵੀ ਮਨ੍ਹਾਂ ਕਰ ਦਿੱਤਾ | ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਹਾਲਤ ਬਹੁਤ ਗੰਭੀਰ ਹੈ ਤੇ ਕੁਝ ਵੀ ਖਾ-ਪੀ ਨਹੀਂ ਸਕਦੇ | ਪਰਿਵਾਰ ਨੇ ਪ੍ਰਸ਼ਾਸਨ ਅੱਗੇ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਆਵਾਰਾ ਕੁੱਤਿਆਂ 'ਤੇ ਕੰਟਰੋਲ ਕੀਤਾ ਜਾਵੇ | ਉਨ੍ਹਾਂ ਹਲਕਾ ਵਿਧਾਇਕਾ ਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੂੰ ਵੀ ਅਪੀਲ ਕੀਤੀ ਕਿ ਇਸ ਸਮੱਸਿਆ ਦਾ ਜਲਦ ਹੀ ਕੋਈ ਹੱਲ ਕਰਵਾਇਆ ਜਾਵੇ |