ਬਾਜਾਖਾਨਾ, 12 ਮਾਰਚ (ਜੀਵਨ ਗਰਗ)-ਜਸਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਮੰਡੀ ਖੁਰਦ (ਬਠਿੰਡਾ) ਨੇ ਥਾਣਾ ਬਾਜਾਖਾਨਾ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਭੈਣ ਜਿਸ ਦਾ ਵਿਆਹ ਅੱਜ ਤੋਂ ਲਗਭਗ 29 ਸਾਲ ਪਹਿਲਾਂ ਨਰਿੰਦਰਪਾਲ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਰੋਮਾਣਾ ਅਜੀਤ ਸਿੰਘ ਨਾਲ ਹੋਇਆ ਸੀ | ਨਰਿੰਦਰਪਾਲ ਸਿੰਘ ਦੀ 4-5 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ | ਉਹ ਆਪਣੇ ਪੁੱਤਰ ਗੁਰਸ਼ਰਨ ਸਿੰਘ ਅਤੇ ਉਸਦੀ ਪਤਨੀ ਲਵਲੀਨ ਕੌਰ ਨਾਲ ਰਹਿੰਦੀ ਸੀ | ਪਿਛਲੇ ਦਿਨੀਂ ਰਣਬੀਰ ਕੌਰ ਉਰਫ਼ ਮਨਪ੍ਰੀਤ ਕੌਰ ਦੀ ਭੇਦਭਰੀ ਹਾਲਤ 'ਚ ਮੌਤ ਹੋ ਗਈ | ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਸ ਦੀ ਭੈਣ ਉਨ੍ਹਾਂ ਨੂੰ ਦੱਸਦੀ ਸੀ ਕਿ ਉਸ ਦੀ ਨੂੰ ਹ ਲਵਲੀਨ ਕੌਰ ਦਾ ਉਸ ਨਾਲ ਵਰਤਾਊ ਠੀਕ ਨਹੀਂ ਤੇ ਉਹ ਉਸ ਨੂੰ ਮਾਰ ਵੀ ਸਕਦੀ ਹੈ | ਸ਼ੱਕ ਦੇ ਅਧਾਰ 'ਤੇ ਕਰਵਾਈ ਕਰਦਿਆਂ ਪੁਲਿਸ ਨੇ ਆਪਣੀ ਤਫ਼ਤੀਸ਼ ਕਰਦਿਆਂ ਇਕਬਾਲ ਸਿੰਘ ਉਪ ਪੁਲਿਸ ਕਪਤਾਨ ਸਬ ਡਵੀਜ਼ਨ ਜੈਤੋ ਅਤੇ ਸਬ ਇੰਸ. ਚਰਨਜੀਤ ਸਿੰਘ ਥਾਣਾ ਬਾਜਾਖਾਨਾ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਜਦ ਲਵਲੀਨ ਕੌਰ ਤੋਂ ਇਸ ਮਾਮਲੇ ਸਬੰਧੀ ਪੁੱਛ-ਪੜਤਾਲ ਕੀਤੀ ਤਾਂ ਉਸ ਨੇ ਮੰਨਿਆ ਕਿ ਸੱਸ ਦਾ ਕਤਲ ਉਸਨੇ ਹੀ ਕੀਤਾ ਹੈ | ਪੁਲਿਸ ਨੂੰ ਸ਼ੱਕ ਸੀ ਕਿ ਇਹ ਕੰਮ ਕਿਸੇ ਇਕ ਵਿਅਕਤੀ ਦਾ ਨਹੀਂ ਹੈ ਤਾਂ ਪੁਲਿਸ ਨੇ ਹੋਰ ਡੂੰਘਾਈ ਨਾਲ ਜਾਂਚ ਕੀਤੀ ਤਾਂ ਲਵਲੀਨ ਕੌਰ ਨੇ ਦੱਸਿਆ ਕਿ ਇਸ ਘਟਨਾ ਨੂੰ ਅੰਜਾਮ ਦੇਣ 'ਚ ਹੈਪੀ ਅਤੇ ਗਗਨਦੀਪ ਸਿੰਘ ਉਸ ਦੇ ਨਾਲ ਸਨ | ਉਸ ਨੇ ਇਹ ਵੀ ਮੰਨਿਆ ਕਿ ਲਖਵੀਰ ਸਿੰਘ ਉਰਫ਼ ਹੈਪੀ ਨਾਲ ਉਸ ਦੇ ਸਬੰਧ ਸਨ ਜਿਸ ਦਾ ਉਸ ਦੀ ਸੱਸ ਨੂੰ ਪਤਾ ਸੀ | ਲਵਲੀਨ ਕੌਰ ਨੇ ਇਸ ਦੇ ਡਰੋਂ ਕਿ ਇਸ ਬਾਰੇ ਉਸ ਦੀ ਸੱਸ, ਉਸ ਦੇ ਪਤੀ ਜਾਂ ਕਿਸੇ ਹੋਰ ਨੂੰ ਨਾ ਦੱਸ ਦੇਵੇ | ਇਸ ਲਈ ਉਸ ਨੇ ਲਖਵੀਰ ਸਿੰਘ ਹੈਪੀ ਤੇ ਗਗਨਦੀਪ ਸਿੰਘ ਨੂੰ ਦਿਨ ਵੇਲੇ ਇਕ ਕਮਰੇ 'ਚ ਬੰਦ ਕਰ ਦਿੱਤਾ ਤੇ ਰਾਤ ਸਮੇਂ ਜਦੋਂ ਉਸ ਦੀ ਸੱਸ ਆਪਣੇ ਕਮਰੇ 'ਚ ਸੌਂ ਗਈ ਤਾਂ ਉਨ੍ਹਾਂ ਤਿੰਨਾਂ ਨੇ ਮਿਲ ਕਿ ਇਸ ਘਟਨਾ ਨੂੰ ਅੰਜਾਮ ਦਿੱਤਾ | ਪੁਲਿਸ ਨੇ ਲਵਲੀਨ ਕੌਰ ਪਤਨੀ ਗੁਰਸ਼ਰਨ ਸਿੰਘ ਵਾਸੀ ਰੋਮਾਣਾ ਅਜੀਤ ਸਿੰਘ, ਲਖਵੀਰ ਸਿੰਘ ਹੈਪੀ ਪੁੱਤਰ ਕੁਲਦੀਪ ਸਿੰਘ ਵਾਸੀ ਰੋਮਾਣਾ ਅਜੀਤ ਸਿੰਘ ਤੇ ਗਗਨਦੀਪ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਜੀਦਾ (ਬਠਿੰਡਾ) ਤਿੰਨੋਂ ਵਿਅਕਤੀਆਂ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |