ਗਿੱਦੜਬਾਹਾ, 12 ਮਾਰਚ (ਪਰਮਜੀਤ ਸਿੰਘ ਥੇੜ੍ਹੀ)-ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ 'ਤੇ ਸਫ਼ਾਈ ਕਰਮਚਾਰੀ ਯੂਨੀਅਨ, ਨਗਰ ਕੌਂਸਲ ਗਿੱਦੜਬਾਹਾ ਵਲੋਂ ਦੋ ਦਿਨਾਂ ਅਰਥੀ ਫ਼ੂਕ ਮੁਜ਼ਾਹਰਾ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ, ਜਿਸ ਤਹਿਤ ਯੂਨੀਅਨ ਦੇ ਪ੍ਰਧਾਨ ਰਾਜੇਸ਼ ਕੁਮਾਰ ਬੌਬੀ ਟਾਂਕ ਦੀ ਅਗਵਾਈ ਹੇਠ ਨਗਰ ਕੌਂਸਲ ਦੇ ਸਮੂਹ ਸਫ਼ਾਈ ਕਰਮਚਾਰੀਆਂ ਨੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਦੇ ਹੋਏ ਘੰਟਾ ਘਰ ਚੌਂਕ ਗਿੱਦੜਬਾਹਾ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫ਼ੂਕਿਆ | ਇਸ ਮੌਕੇ ਪ੍ਰਧਾਨ ਰਾਜੇਸ਼ ਕੁਮਾਰ ਬੌਬੀ ਟਾਂਕ ਨੇ ਦੱਸਿਆ ਕਿ ਪੰਜਾਬ ਦੇ ਸਮੂਹ ਮੁਲਾਜ਼ਮਾਂ ਦਾ 16 ਫ਼ੀਸਦੀ ਡੀ.ਏ. ਦੇਣਾ, ਸ਼ਹਿਰ ਦੀ ਆਬਾਦੀ ਦੇ ਹਿਸਾਬ ਨਾਲ ਬੀਟਾਂ ਅਨੁਸਾਰ ਸਫ਼ਾਈ ਸੇਵਕਾਂ ਦੀ ਭਰਤੀ ਕਰਨਾ, ਪੁਰਾਣੀ ਪੈਨਸ਼ਨ ਬਹਾਲ ਕਰਨਾ, ਸੀਵਰਮੈਨਾਂ ਦੀ ਭਰਤੀ ਕਰਨੀ, ਸੀਵਰਮੈਨ ਆਊਟਸੋਰਸ ਕਰਮਚਾਰੀਆਂ ਨੂੰ ਕੰਟਰੈਕਟ ਬੇਸ 'ਤੇ ਕਰਨਾ, ਕਰਮਚਾਰੀਆਂ ਦਾ ਪੀ.ਐੱਫ਼. ਜਮਾਂ ਕਰਨਾ ਤੇ ਕੰਟਰੈਕਟ ਬੇਸਡ ਸਫ਼ਾਈ ਸੇਵਕਾਂ ਨੂੰ ਪੱਕਾ ਕਰਨਾ ਆਦਿ ਮੰਗਾਂ ਪ੍ਰਮੁੱਖ ਹਨ | ਉਨ੍ਹਾਂ ਦੱਸਿਆ ਕਿ ਸਕਰਾਰ ਵਲੋਂ ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਲਗਾਤਾਰ ਅੱਖੋਂ-ਪਰੋਖੇ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ, ਤਾਂ ਉਹ ਸੰਘਰਸ਼ ਨੂੰ ਹੋਰ ਤੇਜ ਕਰਨ ਲਈ ਮਜ਼ਬੂਰ ਹੋਣਗੇ | ਇਸ ਮੌਕੇ ਬਾਲੇ ਰਾਮ, ਰਾਜੇਸ਼ ਕੁਮਾਰ, ਅਮਿਤ ਕੁਮਾਰ, ਕਿ੍ਸ਼ਨ ਲਾਲ, ਵਿਕਰਮ ਕੁਮਾਰ, ਅਕਾਸ਼ ਕੁਮਾਰ, ਰੇਣੂ ਰਾਣੀ, ਨੀਲਮ ਰਾਣੀ, ਵੀਨਾ ਦੇਵੀ, ਨਿਰਮਲਾ ਦੇਵੀ ਅਤੇ ਕੈਲਾਸ਼ ਦੇਵੀ ਆਦਿ ਮੌਜੂਦ ਸਨ |