ਸ੍ਰੀ ਮੁਕਤਸਰ ਸਾਹਿਬ, 12 ਮਾਰਚ (ਹਰਮਹਿੰਦਰ ਪਾਲ)-ਸਿਵਲ ਸਰਜਨ ਡਾ. ਸੁਨੀਲ ਬਾਂਸਲ ਦੀ ਅਗਵਾਈ ਹੇਠ ਸਿਹਤ ਵਿਭਾਗ ਸ੍ਰੀ ਮੁਕਤਸਰ ਸਾਹਿਬ ਵਲੋਂ ਬਜ਼ੁਰਗਾਂ ਦੀਆਂ ਅੱਖਾਂ ਦੀ ਜਾਂਚ ਅਤੇ ਸੰਭਾਲ ਲਈ ਬਿਰਧ ਆਸ਼ਰਮ ਸ੍ਰੀ ਮੁਕਤਸਰ ਸਾਹਿਬ ਵਿਖੇ ਵਿਸ਼ੇਸ਼ ਆਈ ਸਕਰੀਨਿੰਗ ਕੈਂਪ ਲਗਾਇਆ ਗਿਆ | ਇਸ ਕੈਂਪ ਦਾ ਮੁੱਖ ਉਦੇਸ਼ ਬਜ਼ੁਰਗਾਂ ਵਿਚ ਨਜ਼ਰ ਦੀ ਕਮਜ਼ੋਰੀ ਅਤੇ ਅੱਖਾਂ ਨਾਲ ਸੰਬੰਧਿਤ ਸਮੱਸਿਆਵਾਂ ਦੀ ਸਮੇਂ ਸਿਰ ਪਛਾਣ ਕਰਨਾ ਤੇ ਸਮੇਂ ਸਿਰ ਇਲਾਜ ਕਰਨਾ ਹੈ | ਇਸ ਮੌਕੇ ਡਾ. ਸੁਨੀਲ ਬਾਂਸਲ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ | ਇਸ ਮੌਕੇ ਮਾਹਿਰ ਅੱਖਾਂ ਦੇ ਡਾਕਟਰ ਹਰਸ਼ ਮਹਿੰਦਰਾ ਆਈ ਸਪੈਸ਼ਲਿਸਟ ਮੰਜੂ ਅਪਥਾਲਮਿਕ ਅਫ਼ਸਰ ਵਲੋਂ ਬਿਰਧ ਆਸ਼ਰਮ ਵਿਚ ਰਹਿ ਰਹੇ ਬਜ਼ੁਰਗਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ | ਕੈਂਪ ਦੌਰਾਨ ਕੁੱਲ 26 ਬਜ਼ੁਰਗਾਂ ਦੀ ਅੱਖਾਂ ਦੀ ਸਕਰੀਨਿੰਗ ਕੀਤੀ ਗਈ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ ਤੇ ਲੋੜਵੰਦ ਨੂੰ ਐਨਕਾਂ ਮੁਫ਼ਤ ਬਣਵਾ ਕੇ ਦਿੱਤੀਆਂ ਜਾਣਗੀਆਂ | ਡਾ. ਹਰਸ਼ ਵਲੋਂ ਬਜ਼ੁਰਗਾਂ ਨੂੰ ਦੱਸਿਆ ਗਿਆ ਕਿ ਵਧਦੀ ਉਮਰ ਨਾਲ ਅੱਖਾਂ ਦੀ ਰੌਸ਼ਨੀ ਘੱਟ ਹੋਣਾ ਆਮ ਗੱਲ ਹੈ, ਪਰ ਜੇਕਰ ਸਮੇਂ ਸਿਰ ਜਾਂਚ ਅਤੇ ਇਲਾਜ ਕਰਵਾਇਆ ਜਾਵੇ, ਤਾਂ ਕਈ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ | ਡਾ. ਸੁਨੀਲ ਬਾਂਸਲ ਨੇ ਦੱਸਿਆ ਕਿਸਿਹਤ ਵਿਭਾਗ ਵਲੋਂ 14 ਮਾਰਚ ਤੱਕ ਗਲੋਕੋਮਾ ਹਫ਼ਤਾ ਮਨਾਇਆ ਜਾ ਰਿਹਾ ਹੈ, ਜਿਸ ਦੌਰਾਨ ਸਾਰੀਆਂ ਸਿਹਤ ਸੰਸਥਾਵਾਂ ਵਿਚ ਆਉਣ ਵਾਲੇ ਲੋਕਾਂ ਨੂੰ ਗਲੋਕੋਮਾ (ਕਾਲਾ ਮੋਤੀਆ) ਪ੍ਰਤੀ ਜਾਗੂਰਕ ਕੀਤਾ ਜਾਵੇਗਾ ਅਤੇ ਫ਼ੀਲਡ ਸਟਾਫ਼ ਵਲੋਂ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇਗਾ | ਇਸ ਮੌਕੇ ਸਮਾਜ ਸੇਵੀ ਸੰਸਥਾ ਦੇ ਮੈਂਬਰ ਬੂਟਾ ਰਾਮ ਕਮਰਾ, ਰਾਜੂ ਤੇ ਗੁਰਮਿੰਦਰ ਸਿੰਘ ਵੀ ਮੌਜੂਦ ਰਹੇ ਅਤੇ ਉਨ੍ਹਾਂ ਵਲੋਂ ਕੈਂਪ ਵਿਚ ਆਪਣਾ ਮਹੱਤਵਪੂਰਨ ਯੋਗਦਾਨ ਪਾਇਆ ਗਿਆ | ਬਿਰਧ ਆਸ਼ਰਮ ਦੇ ਪ੍ਰਬੰਧਕਾਂ ਤੇ ਬਜ਼ੁਰਗਾਂ ਨੇ ਸਿਹਤ ਵਿਭਾਗ ਵਲੋਂ ਲਗਾਏ ਗਏ ਇਸ ਕੈਂਪ ਦੀ ਸ਼ਲਾਘਾ ਕੀਤੀ | ਇਸ ਮੌਕੇ ਦੀਪਕ ਕੁਮਾਰ ਡੀ.ਪੀ.ਐੱਮ., ਲਾਲ ਚੰਦ ਮਾਸ ਮੀਡੀਆ, ਗੁਰਪ੍ਰੀਤ ਭੁੱਲਰ ਮੌਜੂਦ ਸਨ |