ਫ਼ਰੀਦਕੋਟ, 2 ਅਪ੍ਰੈਲ (ਸਰਬਜੀਤ ਸਿੰਘ)-ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਜ਼ਿਲ੍ਹਾ ਫ਼ਰੀਦਕੋਟ ਨੇ ਪਿੰਡ ਪਿੱਪਲੀ 'ਚ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਨਵੇਂ ਚਾਰ ਲੇਬਰ ਕੋਡ ਲਾਗੂ ਹੋਣ ਦੇ ਪਹਿਲੇ ਦਿਨ ਨੂੰ ਕਾਲਾ ਦਿਵਸ ਵਜੋਂ ਮਨਾਇਆ | ਕਿਰਤੀਆਂ ਦੀ ਦੇਸ਼ ਭਰ ਦੀ ਸਭ ਤੋਂ ਵੱਡੀ ਜਥੇਬੰਦੀ ਏਟਕ ਦੇ ਸੱਦੇ ਮੁਤਾਬਕ ਪਹਿਲੀ ਅਪ੍ਰੈਲ ਨੂੰ ਦੇਸ਼ ਦੇ ਕਿਰਤੀਆਂ ਵਲੋਂ ਦੇਸ਼ ਭਰ 'ਚ ਚਾਰ ਨਵੇਂ ਲੇਬਰ ਕੋਡਾਂ ਦਾ ਵਿਰੋਧ ਕੀਤਾ ਗਿਆ ਹੈ | ਇਸੇ ਲੜੀ ਤਹਿਤ ਕਾਮਰੇਡ ਗੋਰਾ ਸਿੰਘ ਪਿੱਪਲੀ ਦੀ ਅਗਵਾਈ ਵਿਚ ਨਰੇਗਾ ਮਜ਼ਦੂਰਾਂ ਨੇ ਚਾਰ ਲੇਬਰ ਕੋਡਾਂ ਦਾ ਵਿਰੋਧ ਕੀਤਾ ਅਤੇ ਪੰਜਾਬ ਤੇ ਕੇਂਦਰ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਇਕੱਠੇ ਹੋਏ ਨਰੇਗਾ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਕਾਮਰੇਡ ਗੋਰਾ ਸਿੰਘ ਪਿੱਪਲੀ ਨੇ ਕਿਹਾ ਕਿ ਦੇਸ਼ 'ਚ ਚਾਰ ਲੇਬਰ ਕੋਡ ਲਾਗੂ ਹੋਣ ਨਾਲ ਕਿਰਤੀਆਂ ਦਾ ਨੁਕਸਾਨ ਸ਼ੁਰੂ ਹੋ ਚੁੱਕਾ ਹੈ |