ਗੈਸ ਸਿਲੰਡਰ ਨਾ ਮਿਲਣ ਕਾਰਨ ਲੋਕਾਂ ਨੇ ਗੈਸ ਏਜੰਸੀ ਮੂਹਰੇ ਲਗਾਇਆ ਧਰਨਾ
ਅਜੀਤ ਡੈਸਕ
03-04-2026
ਕੁੱਝ ਇਸੇ ਤਰ੍ਹਾਂ ਦੇ ਹਾਲਾਤ ਕਸਬਾ ਸਾਦਿਕ ਵਿਖੇ ਵੀ ਬਣੇ ਹੋਏ ਹਨ | ਭਾਰਤ ਗੈਸ ਏਜੰਸੀ ਸਾਦਿਕ ਵਿਖੇ ਸਿਲੰਡਰ ਲੈਣ ਲਈ ਸਵੇਰ ਤੋਂ ਲੋਕਾਂ ਨੇ ਲਾਈਨਾਂ ਲਾ ਲਈਆਂ ਪਰ ਏਜੰਸੀ ਚਾਲਕਾਂ ਵਲੋਂ ਏਜੰਸੀ ਨਹੀਂ ਖੋਲ੍ਹੀ ਗਈ ਤਾਂ ਅੱਕੇ ਹੋਏ ਲੋਕਾਂ ਨੇ ਭਾਰਤ ਗੈਸ ਏਜੰਸੀ ਮੂਹਰੇ ਧਰਨਾ ਲਾ ਕੇ ਸਾਦਿਕ ਫ਼ਰੀਦਕੋਟ ਸੜਕ ਜਾਮ ਕਰ ਦਿੱਤੀ ਤੇ ਗੈਸ ਏਜੰਸੀ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ | ਲੋਕਾਂ ਦੀ ਹਮਾਇਤ ਲਈ ਪੁੱਜੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਰਾਜਿੰਦਰ ਸਿੰਘ ਕਿੰਗਰਾ ਤੇ ਗੁਰਮੀਤ ਸਿੰਘ ਸੰਗਰਾਹੂਰ ਬਲਾਕ ਪ੍ਰਧਾਨ ਨੇ ਕਿਹਾ ਕਿ ਸਿਰਫ਼ ਭਾਰਤ ਗੈਸ ਏਜੰਸੀ ਸਾਦਿਕ ਵਲੋਂ ਖਪਤਕਾਰਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ |
ਇਸ ਮੌਕੇ ਇਕੱਠੇ ਹੋਏ ਖਪਤਕਾਰਾਂ ਨੇ ਕਿਹਾ ਕਿ ਉਨ੍ਹਾਂ ਵਲੋਂ ਕੋਈ ਸਿਲੰਡਰ ਨਹੀਂ ਭਰਾਇਆ ਗਿਆ ਪਰ ਫ਼ਿਰ ਵੀ ਮੋਬਾਇਲ ਫ਼ੋਨ 'ਤੇ ਸਿਲੰਡਰ ਭੁਗਤਾਨ ਦੇ ਮੈਸੇਜ ਆ ਰਹੇ ਹਨ ਤੇ ਜਦੋਂ ਉਹ ਸਿਲੰਡਰ ਲੈਣ ਲਈ ਏਜੰਸੀ ਪਹੁੰਚ ਕਰਦੇ ਹਨ ਤਾਂ ਏਜੰਸੀ ਚਾਲਕਾਂ ਵਲੋਂ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਸਿਲੰਡਰ ਪਹਿਲਾਂ ਭਰਾ ਲਿਆ ਹੈ ਤੇ ਹੁਣ ਸਿਲੰਡਰ ਤਹਿ ਸੀਮਾ ਤੋਂ ਬਾਅਦ ਹੀ ਮਿਲੇਗਾ | ਇਸ ਮੌਕੇ ਧਰਨੇ 'ਚ ਸ਼ਾਮਿਲ ਹੋਏ ਦਲੇਰ ਸਿੰਘ ਡੋਡ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਕਿਹਾ ਕਿ ਗੈਸ ਏਜੰਸੀ ਦੇ ਚਾਲਕਾਂ ਵਲੋਂ ਲੋਕਾਂ ਨੂੰ ਜਾਣਬੁੱਝ ਕੇ ਖੱਜਲ ਖੁਆਰ ਕੀਤਾ ਜਾ ਰਿਹਾ ਹੈ, ਇਸ ਲਈ ਪ੍ਰਸ਼ਾਸਨ ਵਲੋਂ ਏਜੰਸੀ ਦੇ ਮਾਲਕਾਂ ਖਿਲਾਫ਼ ਬਣਦੀ ਕਾਰਵਾਈ ਕਰਕੇ ਏਜੰਸੀ ਨੂੰ ਆਪਣੇ ਹੱਥ ਵਿਚ ਲੈਣਾ ਚਾਹੀਦਾ ਹੈ | ਇਸ ਮੌਕੇ ਗੁਸਾਏ ਲੋਕਾਂ ਨੇ ਕਿਹਾ ਕਿ ਸਰਕਾਰਾਂ ਤੇ ਪ੍ਰਸ਼ਾਸਨ ਦੇ ਕਾਲਾਬਜ਼ਾਰੀ ਨੂੰ ਰੋਕਣ ਦੇ ਦਾਅਵੇ ਵੀ ਖੋਖਲੇ ਸਾਬਿਤ ਹੋ ਰਹੇ ਹਨ, ਜਦ ਕਿ ਗੈਸ ਸਿਲੰਡਰਾਂ ਦੀ ਕਾਲਾਬਜ਼ਾਰੀ ਸ਼ਰੇਆਮ ਚੱਲ ਰਹੀ ਹੈ | ਇਸ ਮੌਕੇ ਗੱਲਬਾਤ ਕਰਨ ਲਈ ਪਹੁੰਚੇ ਗੁਰਚਰਨਪਾਲ ਸਿੰਘ ਜ਼ਿਲ੍ਹਾ ਫ਼ੂਡ ਸਪਲਾਈ ਕੰਟਰੋਲਰ ਫ਼ਰੀਦਕੋਟ ਨੇ ਕਿਹਾ ਕਿ ਜਿਨ੍ਹਾਂ ਖਪਤਕਾਰਾਂ ਵਲੋਂ ਗੈਸ ਸਿਲੰਡਰ ਬੁੱਕ ਕੀਤੇ ਗਏ ਹਨ, ਉਨ੍ਹਾਂ ਨੂੰ ਸਿਲੰਡਰ ਨਿਰਵਿਘਨ ਦਿੱਤਾ ਜਾਵੇਗਾ ਤੇ ਜੇਕਰ ਕੋਈ ਕਰਮਚਾਰੀ ਕੁਤਾਹੀ ਵਰਤਦਾ ਹੈ ਤਾਂ ਉਸ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਪੁਲਿਸ ਪਾਰਟੀ ਸਮੇਤ ਪਹੁੰਚੇ ਗੁਰਲਾਲ ਸਿੰਘ ਮੁੱਖ ਅਫ਼ਸਰ ਥਾਣਾ ਸਾਦਿਕ ਨੇ ਗੈਸ ਏਜੰਸੀ ਖੁਲਵਾਈ ਤੇ ਲੋਕਾਂ ਨੂੰ ਸਿਲੰਡਰ ਵੰਡੇ ਗਏ |