ਫ਼ਰੀਦਕੋਟ, 2 ਅਪ੍ਰੈਲ (ਸਟਾਫ਼ ਰਿਪੋਰਟਰ)-ਕਮਿਆਣਾ ਰੋਡ 'ਤੇ ਸਥਿਤ ਗਰੇਵਾਲ ਪੌਲਟਰੀ ਫ਼ਾਰਮ ਵਾਲੀ ਜਗ੍ਹਾ 'ਤੇ ਗੁਰੂ ਕਿਰਪਾ ਸੀਮੈਂਟ ਸਟੋਰ ਵਲੋਂ ਧਰਮਕੰਢਾ ਲਗਾਉਣ ਦੇ ਮਾਮਲੇ ਨੂੰ ਲੈ ਕੇ ਇਲਾਕਾ ਨਿਵਾਸੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਵਸਨੀਕਾਂ ਦਾ ਕਹਿਣਾ ਹੈ ਕਿ ਇਹ ਰੋਡ ਇਕ ਮਹੱਤਵਪੂਰਨ ਲਿੰਕ ਰੋਡ ਹੈ, ਜੋ ਲਗਭਗ 8 ਤੋਂ 10 ਪਿੰਡਾਂ ਨੂੰ ਆਪਸ ਵਿਚ ਜੋੜਦੀ ਹੈ ਤੇ ਇੱਥੇ ਪਹਿਲਾਂ ਹੀ ਟਰੈਫਿਕ ਬਹੁਤ ਜ਼ਿਆਦਾ ਰਹਿੰਦਾ ਹੈ | ਉਨ੍ਹਾਂ ਦੱਸਿਆ ਕਿ ਜਿੱਥੇ ਧਰਮਕੰਢਾ ਬਣਾਇਆ ਜਾ ਰਿਹਾ ਹੈ, ਉੱਥੇ ਸੜਕ ਪਹਿਲਾਂ ਹੀ ਸੰਕੜੀ ਹੈ ਤੇ ਇਕ ਪਾਸੇ ਸੜਕ ਦੇ ਬਿਲਕੁਲ ਨਾਲ ਕੰਡਾ ਬਣ ਰਿਹਾ ਹੈ, ਜਦਕਿ ਦੂਜੇ ਪਾਸੇ ਲਗਭਗ 20 ਫੁੱਟ ਦੀ ਦੂਰੀ 'ਤੇ ਫ਼ਰੀਦਕੋਟ ਛਾਵਣੀ ਦੀ ਕੰਧ ਮੌਜੂਦ ਹੈ, ਜਿਸ ਕਾਰਨ ਸੜਕ ਹੋਰ ਵੀ ਸੰਕੜੀ ਹੋ ਜਾਂਦੀ ਹੈ | ਇਸ ਕਾਰਨ ਵਾਹਨਾਂ ਦੀ ਆਵਾਜਾਈ ਵਿਚ ਭਾਰੀ ਰੁਕਾਵਟ ਪੈਣ ਦੀ ਸੰਭਾਵਨਾ ਹੈ ਅਤੇ ਜਾਮ ਦੀ ਸਮੱਸਿਆ ਹੋਰ ਵੀ ਵਧੇਗੀ | ਇਲਾਕਾ ਨਿਵਾਸੀਆਂ ਨੇ ਇਹ ਵੀ ਦੱਸਿਆ ਕਿ ਇਹ ਪੂਰੀ ਤਰ੍ਹਾਂ ਰਹਾਇਸ਼ੀ ਇਲਾਕਾ ਹੈ ਤੇ ਨੇੜੇ ਹੀ ਇਕ ਨਿੱਜੀ ਸਕੂਲ ਸਥਿਤ ਹੈ, ਜੋ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਪ੍ਰੀਖਿਆ ਕੇਂਦਰ ਵੀ ਹੈ | ਸਕੂਲ ਵਿਚ ਹਰ ਰੋਜ਼ ਵੱਡੀ ਗਿਣਤੀ ਵਿਚ ਵਿਦਿਆਰਥੀ ਆਉਂਦੇ ਹਨ, ਜਿਸ ਕਾਰਨ ਸਕੂਲ ਦੇ ਸਮੇਂ ਦੌਰਾਨ ਟਰੈਫਿਕ ਜਾਮ ਅਤੇ ਹਾਦਸਿਆਂ ਦਾ ਖਤਰਾ ਕਾਫੀ ਵੱਧ ਸਕਦਾ ਹੈ | ਮੁਹੱਲਾ ਵਸਨੀਕਾਂ ਅਨੁਸਾਰ ਇਸ ਮਾਮਲੇ ਬਾਰੇ ਮਾਨਯੋਗ ਵਿਧਾਇਕ ਅਤੇ ਮਾਨਯੋਗ ਸਪੀਕਰ ਨੂੰ ਵੀ ਜਾਣਕਾਰੀ ਦਿੱਤੀ ਗਈ ਸੀ, ਜਿਨ੍ਹਾਂ ਵਲੋਂ ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦਾ ਗਿਆ | ਹਾਲਾਂਕਿ ਅਜੇ ਤੱਕ ਸੰਬੰਧਿਤ ਅਧਿਕਾਰੀਆਂ ਵਲੋਂ ਮੌਕੇ ਦੀ ਜਾਂਚ ਨਹੀਂ ਕੀਤੀ ਗਈ | ਵਸਨੀਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ, ਤੁਰੰਤ ਮੌਕੇ ਦੀ ਜਾਂਚ ਕਰਵਾਈ ਜਾਵੇ ਤੇ ਇਸ ਧਰਮਕੰਢੇ ਨੂੰ ਇਸ ਥਾਂ 'ਤੇ ਲਗਾਉਣ ਤੋਂ ਰੋਕਿਆ ਜਾਵੇ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰਾਜੈਕਟ ਖੁੱਲ੍ਹੀ ਅਤੇ ਉਚਿਤ ਜਗ੍ਹਾ 'ਤੇ ਲਗਾਏ ਜਾਣ ਚਾਹੀਦੇ ਹਨ ਤਾਂ ਜੋ ਕਿਸੇ ਨੂੰ ਵੀ ਦਿੱਕਤ ਨਾ ਆਵੇ |