ਸ੍ਰੀ ਮੁਕਤਸਰ ਸਾਹਿਬ, 4 ਅਪ੍ਰੈਲ (ਹਰਮਹਿੰਦਰ ਪਾਲ)-ਸ੍ਰੀ ਮੁਕਤਸਰ ਸਾਹਿਬ ਵਿਚ ਜ਼ਮੀਨ ਦੇ ਸੌਦੇ ਦੇ ਨਾਂਅ 'ਤੇ 17.50 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਸੰਬੰਧ ਵਿਚ ਥਾਣਾ ਬਰੀਵਾਲਾ ਪੁਲਿਸ ਨੇ ਇਕ ਮਹਿਲਾ ਦੋਸ਼ੀ ਖ਼ਿਲਾਫ਼ ਧੋਖਾਧੜੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸ਼ਿਕਾਇਤਕਰਤਾ ਮਨਜਿੰਦਰ ਕੌਰ ਪਤਨੀ ਬਲਜਿੰਦਰ ਸਿੰਘ ਨਿਵਾਸੀ ਪਿੰਡ ਮਾਨ ਸਿੰਘ ਵਾਲਾ ਨੇ ਦੱਸਿਆ ਕਿ 10 ਜਨਵਰੀ 2025 ਨੂੰ ਉਸ ਦਾ ਅੰਮਿ੍ਤਪਾਲ ਕੌਰ ਨਾਲ 12 ਲੱਖ 15 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਮੀਨ ਦਾ ਸੌਦਾ ਤਹਿ ਹੋਇਆ ਸੀ ਅਤੇ ਉਸ ਨੇ 17 ਲੱਖ 15 ਹਜ਼ਾਰ ਰੁਪਏ ਉਸ ਨੂੰ ਸਾਈ ਦੇ ਤੌਰ 'ਤੇ ਦਿੱਤੇ ਸਨ ਅਤੇ ਬਾਕੀ ਦੀ ਰਕਮ ਰਜਿਸਟਰੀ ਕਰਵਾਉਣ ਸਮੇਂ 25 ਦਸੰਬਰ 2025 ਨੂੰ ਦੇਣੀ ਸੀ, ਪ੍ਰੰਤੂ ਅੰਮਿ੍ਤਪਾਲ ਕੌਰ ਨੇ ਆਪਣੀ ਉਕਤ ਜ਼ਮੀਨ ਵਿਚੋਂ ਪਹਿਲਾਂ ਇਕ ਇਕਰਾਰਨਾਮਾ 16 ਦਸੰਬਰ 2024 ਨੂੰ ਗੁਰਪ੍ਰੀਤ ਸਿੰਘ, ਸੁਲੱਖਣ ਸਿੰਘ ਵਾਸੀ ਪਿੰਡ ਮਾਨ ਸਿੰਘ ਵਾਲਾ ਦੇ ਹੱਕ ਵਿਚ ਕੀਤਾ ਹੋਇਆ ਸੀ, ਜਿਸ ਤੋਂ ਬਾਅਦ ਅੰਮਿ੍ਤਪਾਲ ਕੌਰ ਨੇ ਉਸ ਨੂੰ ਨਹੀਂ ਦੱਸਿਆ | ਅੰਮਿ੍ਤਪਾਲ ਕੌਰ ਨੇ ਉਕਤ ਜ਼ਮੀਨ ਦੇ ਰਕਬੇ ਵਿਚੋਂ 5 ਕਨਾਲ 9 ਮਰਲੇ ਦੀ ਜ਼ਮੀਨ ਦੀ ਰਜਿਸਟਰੀ 28 ਨਵੰਬਰ 2025 ਨੂੰ ਗੁਰਪ੍ਰੀਤ ਸਿੰਘ, ਸੁਲੱਖਣ ਸਿੰਘ ਵਾਸੀ ਪਿੰਡ ਮਾਨ ਸਿੰਘ ਵਾਲਾ ਦੇ ਨਾਂਅ 'ਤੇ ਕਰਵਾ ਦਿੱਤੀ ਸੀ | ਸ਼ਿਕਾਇਤਕਰਤਾ ਮਨਜਿੰਦਰ ਕੌਰ ਨੇ ਦੱਸਿਆ ਕਿ 10 ਜਨਵਰੀ 2025 ਦੇ ਅਨੁਸਾਰ ਤਹਿ ਹੋਏ ਸੌਦੇ ਮੁਤਾਬਕ ਅੰਮਿ੍ਤਪਾਲ ਕੌਰ ਨੇ ਨਾ ਤਾਂ ਉਨ੍ਹਾਂ ਨੂੰ ਰਜਿਸਟਰੀ ਕਰਵਾ ਕੇ ਦਿੱਤੀ ਅਤੇ ਨਾ ਹੀ ਉਸ ਦੇ ਸਾਈ ਦੇ ਰੂਪ ਵਿਚ ਦਿੱਤੇ ਹੋਏ ਪੈਸੇ 17 ਲੱਖ 50 ਹਜ਼ਾਰ ਰੁਪਏ ਵਾਪਸ ਕੀਤੇ | ਥਾਣਾ ਬਰੀਵਾਲਾ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਅੰਮਿ੍ਤਪਾਲ ਕੌਰ ਖ਼ਿਲਾਫ਼ ਧੋਖਾਧੜੀ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |