ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਕਈ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਕਿਸਾਨਾਂ ਦੇ ਸਾਹ ਸੂਤੇ <br/>

Ad Position 21
No active advertisement
ਅਜੀਤ ਡੈਸਕ 05-04-2026
ਮਲੋਟ, 4 ਅਪ੍ਰੈਲ (ਅਜਮੇਰ ਸਿੰਘ ਬਰਾੜ)-'ਪੱਕੀ ਫ਼ਸਲ ਵੇਖ ਕੇ ਗਰਬ ਕਰੇ ਕਿਰਸਾਨ, ਝੱਖੜ ਝੋਲਾ ਸਿਰ 'ਤੇ ਖੜ੍ਹਾ ਘਰ ਆਈ ਤਾਂ ਜਾਨ' ਇਹ ਕਹਾਵਤ ਬਹੁਤ ਅਰਸਿਆ ਤੋਂ ਸੁਣ ਵੀ ਰਹੇ ਹਾਂ ਤੇ ਦੇਖ ਵੀ ਰਹੇ ਹਾਂ ਕਿ ਅਕਸਰ ਹੀ ਚੇਤ ਦੇ ਮਹੀਨੇ ਵਿਚ ਜਿੱਥੇ ਝੱਖੜ, ਹਨੇਰੀਆਂ ਨਾਲ ਫ਼ਸਲਾਂ ਦਾ ਨੁਕਸਾਨ ਹੁੰਦਾ ਆ ਰਿਹਾ ਹੈ, ਉੱਥੇ ਗੜਿ੍ਹਆਂ ਨਾਲ ਵੀ ਕਣਕ ਦੀ ਫ਼ਸਲ ਦਾ ਵੱਡਾ ਨੁਕਸਾਨ ਹੋ ਜਾਂਦਾ ਹੈ | ਸਰੋ੍ਹਾ ਦੀ ਫ਼ਸਲ ਤਾਂ ਗੜਿ੍ਹਆਂ ਦੀ ਮਾਰ ਝੱਲ ਰਹੀ ਨਹੀਂ ਸਕਦੀ ਤੇ ਇਸੇ ਤਰ੍ਹਾਂ ਹੋਰ ਫ਼ਸਲਾਂ ਦਾ ਵੀ ਜਦੋਂ ਉਹ ਪੱਕਣ ਦੇ ਨੇੜੇ ਹੁੰਦੀਆਂ ਹਨ ਤਾਂ ਕਿਸਾਨ ਭਾਰੀ ਨੁਕਸਾਨ ਝੱਲਦੇ ਆ ਰਹੇ ਹਨ | ਇਸੇ ਤਰ੍ਹਾਂ ਹੀ ਮਲੋਟ ਨੇੜਲੇ ਪਿੰਡਾਂ ਵਿਚ ਇਸ ਵਾਰੀ ਵੀ ਕਈ ਦਿਨਾਂ ਤੋਂ ਰੁਕ-ਰੁਕ ਕੇ ਆ ਰਹੀ ਹਨੇਰੀ, ਝੱਖੜ, ਮੀਂਹ ਤੇ ਗੜਿ੍ਹਆਂ ਨੇ ਕਿਸਾਨਾਂ ਦੇ ਸੁਪਨਿਆਂ ਨੂੰ ਚਕਨਾਚੂਰ ਕਰ ਦਿੱਤਾ ਹੈ | ਪਿੰਡ ਸਰਾਵਾਂ ਬੋਦਲਾ, ਡੱਬਵਾਲੀ ਢਾਬ, ਮਿੱਡਾ, ਰਾਣੀਵਾਲਾ, ਬੋਦੀਵਾਲਾ ਖੜਕ ਸਿੰਘ, ਅਸਪਾਲ ਤੇ ਹੋਰ ਨੇੜਲੇ ਪਿੰਡਾਂ ਵਿਚ ਕਣਕ ਦਾ ਵੱਡਾ ਨੁਕਸਾਨ ਹੋਇਆ ਹੈ | ਕਣਕਾਂ ਦੇ ਹੋਏ ਇਸ ਨੁਕਸਾਨ ਕਰਕੇ ਕਿਸਾਨਾਂ ਦੇ ਸਾਹ ਸੂਤੇ ਪਏ ਹਨ | ਇਸ ਸੰਬੰਧੀ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡਾਂ ਵਿਚ ਗੜਿ੍ਹਆਂ ਕਾਰਨ ਕਣਕ ਦੀ ਫ਼ਸਲ ਦਾ ਬਹੁਤ ਭਾਰੀ ਨੁਕਸਾਨ ਹੋ ਗਿਆ ਹੈ | ਤੇਜ਼ ਹਨੇਰੀ, ਝੱਖੜ ਝੋਲੇ ਕਰਕੇ ਅਤੇ ਗੜਿ੍ਹਆਂ ਦੀ ਮਾਰ ਨੇ ਇਕ ਵਾਰੀ ਕਣਕ ਦਾ ਵੱਡਾ ਨੁਕਸਾਨ ਕੀਤਾ ਹੈ | ਮਾਯੂਸ ਹੋਏ ਕਿਸਾਨਾਂ ਨੇ ਸਮੇਂ ਦੀ ਸਰਕਾਰ ਤੋਂ ਵੀ ਮੰਗ ਕੀਤੀ ਕਿ ਉਹ ਕਿਸਾਨਾਂ ਦੇ ਹੋਏ ਭਾਰੀ ਨੁਕਸਾਨ ਦਾ ਬਣਦਾ ਮੁਆਵਜ਼ਾ ਤੁਰੰਤ ਦੇਵੇ, ਤਾਂ ਜੋ ਕਿਸਾਨ ਕੁਝ ਰਾਹਤ ਮਹਿਸੂਸ ਕਰ ਸਕਣ | ਉਧਰ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਵੀ ਆਪਣੇ ਮਲੋਟ ਦੇ ਹਲਕੇ ਦੇ ਪਿੰਡਾਂ ਵਿਚ ਪਿਛਲੇ ਦੋ ਦਿਨਾਂ ਤੋਂ ਹਲਕੇ ਵਿਚ ਰਹਿ ਕੇ ਕਿਸਾਨਾਂ ਨਾਲ ਹੋਏ ਨੁਕਸਾਨ ਪ੍ਰਤੀ ਗੱਲਬਾਤ ਵੀ ਕੀਤੀ ਤੇ ਜਾਇਜ਼ਾ ਵੀ ਲਿਆ | ਦੋਵੇਂ ਕੈਬਨਿਟ ਮੰਤਰੀਆਂ ਨੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਕੇ ਰਿਪੋਰਟ ਦੇਣ ਲਈ ਕਿਹਾ ਹੈ | ਇਸ ਵਾਰੀ ਕਿਸਾਨਾਂ ਦੀ ਚਿੰਤਾ ਵਿਚ ਹੋਰ ਵਾਧਾ ਹੋ ਰਿਹਾ ਹੈ, ਕਿਉਂਕਿ ਅਗਲੇ ਦਿਨਾਂ ਵਿਚ ਵੀ ਫ਼ਸਲਾਂ ਲਈ ਮੌਸਮ ਬਹੁਤ ਮਾੜਾ ਕਿਹਾ ਜਾ ਰਿਹਾ ਹੈ | ਕਿਸਾਨਾਂ ਦੀ ਹਜ਼ਾਰਾਂ ਏਕੜ ਕਣਕ ਇਕ ਵਾਰੀ ਗੜਿ੍ਹਆਂ ਦੀ ਮਾਰ ਹੇਠ ਆ ਗਈ ਹੈ | ਕੁਝ ਪਿੰਡਾਂ ਵਿਚ ਸੌ ਫ਼ੀਸਦੀ ਤੱਕ ਨੁਕਸਾਨ ਹੋ ਗਿਆ ਹੈ | ਕੁੱਲ ਕਿੰਨੇ ਰਕਬੇ ਵਿਚ ਨੁਕਸਾਨ ਹੋਇਆ ਹੈ ਅਤੇ ਕਿੰਨੇ ਫ਼ੀਸਦੀ ਹੋਇਆ ਹੈ, ਬਾਰੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਪਿੰਡਾਂ ਵਿਚ ਜਾ ਕੇ ਕਿਸਾਨਾਂ ਦੇ ਦੁੱਖ ਨੂੰ ਆਪਣਾ ਦੁੱਖ ਸਮਝਦੇ ਹੋਏ ਸਹੀ ਰਿਪੋਰਟ ਤਿਆਰ ਕਰਨ ਤਾਂ ਜੋ ਜਲਦ ਮੁਆਵਜ਼ਾ ਦੇਣ ਦਾ ਰਾਹ ਪੱਧਰਾ ਹੋ ਸਕੇ | ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਵੀ ਕਿਹਾ ਕਿ ਉਹ ਆਪਣੀ ਫ਼ਸਲ ਦੇ ਹੋਏ ਨੁਕਸਾਨ ਬਾਰੇ ਪਟਵਾਰੀ ਤੇ ਹੋਰ ਮੁਲਾਜ਼ਮਾਂ ਨੂੰ ਵੀ ਸਹੀ ਜਾਣਕਾਰੀ ਦੇਣ, ਤਾਂ ਜੋ ਕਿਸੇ ਦਾ ਨੁਕਸਾਨ ਲਿਖੇ ਬਣਾ ਰਹਿ ਨਾ ਜਾਵੇ | ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਤੋਂ ਇਲਾਵਾ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ, ਪਿੰਡ ਵਿਰਕਖੇੜਾ ਦੇ ਕਿਸਾਨ ਗੁਰਲਾਲ ਸਿੰਘ ਕੰਗ ਤੇ ਹੋਰ ਆਗੂਆਂ ਨੇ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਕਿਸਾਨਾਂ ਦੇ ਬੈਂਕਾਂ ਤੇ ਸਹਿਕਾਰੀ ਸੁਸਾਇਟੀਆਂ ਦੇ ਕਰਜ਼ੇ ਮੁਆਫ਼ ਕੀਤੇ ਜਾਣ ਅਤੇ ਲਗਾਤਾਰ ਮੀਂਹ ਪੈਣ ਕਰਕੇ ਕਿਸਾਨਾਂ ਦੇ ਪਸ਼ੂਆਂ ਲਈ ਤੂੜੀ ਆਦਿ ਦਾ ਵੀ ਪ੍ਰਬੰਧ ਕੀਤਾ ਜਾਵੇ | ਆਗੂਆਂ ਨੇ ਵੀ ਮੰਗ ਕੀਤੀ ਕਿ ਲੋੜਵੰਦ ਕਿਸਾਨਾਂ ਅਤੇ ਦਲਿਤ ਪਰਿਵਾਰਾਂ ਲਈ ਤਰਪਾਲਾਂ ਆਦਿ ਦਾ ਵੀ ਸਰਕਾਰ ਇੰਤਜ਼ਾਮ ਕਰੇ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਮੀਂਹ ਰੁਕ ਨਹੀਂ ਰਿਹਾ |

Ad Position 22
No active advertisement
ਪਿਛਲੀ ਖ਼ਬਰ ਜੈਤੋ 'ਚ ਮੁੱਖ ਮੰਤਰੀ ਦੀ ਫ਼ੇਰੀ ਨੌਜਵਾਨਾਂ 'ਚ ਨਵਾਂ ਉਤਸ਼ਾਹ ਭਰੇਗੀ-ਹਰਸਿਮਰਨ ਮਲਹੋਤਰਾ <br/> ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਢੁੱਡੀ ਦੇ ਅੱਵਲ ਵਿਦਿਆਰਥੀ ਸਨਮਾਨਿਤ <br/>
Ad Position 24
No active advertisement