ਜੈਤੋ, 4 ਅਪ੍ਰੈਲ (ਗੁਰਮੀਤਪਾਲ ਰੋੜੀਕਪੂਰਾ)-ਜੈਤੋ ਵਿਖੇ ਹੋ ਰਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਫ਼ੇਰੀ ਨੂੰ ਲੈ ਕੇ ਇਲਾਕੇ ਵਿਚ ਖਾਸ ਕਰਕੇ ਨੌਜਵਾਨਾਂ ਵਿਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ | ਟਰੱਕ ਯੂਨੀਅਨ ਜੈਤੋ ਦੇ ਪ੍ਰਧਾਨ ਐਡਵੋਕੇਟ ਹਰਸਿਮਰਨ ਮਲਹੋਤਰਾ ਨੇ ਕਿਹਾ ਕਿ ਮੁੱਖ ਮੰਤਰੀ ਦੀ ਆਮਦ ਨਾਲ ਨੌਜਵਾਨਾਂ ਵਿਚ ਨਵੀਂ ਉਮੀਦ ਅਤੇ ਜੋਸ਼ ਪੈਦਾ ਹੋਵੇਗਾ | ਉਨ੍ਹਾਂ ਕਿਹਾ ਕਿ ਇਸ ਫ਼ੇਰੀ ਦੌਰਾਨ ਇਲਾਕੇ ਲਈ ਕਈ ਮਹੱਤਵਪੂਰਨ ਵਿਕਾਸ ਕਾਰਜਾਂ ਦੀਆਂ ਘੋਸ਼ਣਾਵਾਂ ਹੋਣ ਦੀ ਸੰਭਾਵਨਾ ਹੈ | ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕਿਆਂ ਵਿਚ ਵਾਧਾ, ਸਿੱਖਿਆ ਅਤੇ ਸਿਹਤ ਸਹੂਲਤਾਂ ਨੂੰ ਹੋਰ ਮਜ਼ਬੂਤ ਕਰਨਾ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਵਰਗੇ ਮਸਲੇ ਲੋਕਾਂ ਦੀਆਂ ਉਮੀਦਾਂ ਦਾ ਕੇਂਦਰ ਬਣੇ ਹੋਏ ਹਨ | ਹਰਸਿਮਰਨ ਮਲਹੋਤਰਾ ਨੇ ਦੱਸਿਆ ਕਿ ਰੈਲੀ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਪ੍ਰਬੰਧਕਾਂ ਵਲੋਂ ਹਰ ਪੱਖ ਦਾ ਖਾਸ ਧਿਆਨ ਰੱਖਿਆ ਗਿਆ ਹੈ | ਉਨ੍ਹਾਂ ਕਿਹਾ ਕਿ ਲੋਕ ਮੁੱਖ ਮੰਤਰੀ ਨੂੰ ਸੁਣਨ ਲਈ ਵੱਡੀ ਗਿਣਤੀ ਵਿਚ ਆਪਣੇ ਆਪ ਹੀ ਰੈਲੀ ਵਿਚ ਪਹੁੰਚਣਗੇ ਅਤੇ ਇਹ ਰੈਲੀ ਇਤਿਹਾਸਕ ਸਾਬਤ ਹੋਵੇਗੀ | ਇਸ ਮੌਕੇ ਗੋਬਿੰਦਰ ਵਾਲੀਆ ਚੇਅਰਮੈਨ ਖੇਤੀਬਾੜੀ ਵਿਕਾਸ ਬੈਂਕ ਜੈਤੋ, ਤਰਵਿੰਦਰ ਸਿੰਘ ਕਿੰਦਾ ਢਿੱਲੋਂ ਸਰਪੰਚ ਕੋਠੇ ਰਾਮਸਰ, ਜਸਵਿੰਦਰ ਸਿੰਘ ਸਰਪੰਚ ਅਜਿੱਤ ਗਿੱਲ, ਗੁਰਸੰਗੀਤ ਸਿੰਘ, ਰਵਿੰਦਰ ਸਿੰਘ ਮੱਲ੍ਹਾ, ਲਾਲੀ ਸੰਧੂ, ਗੁਰਪ੍ਰੀਤ ਸਿੰਘ ਬਰਾੜ, ਰਮਨ ਰਾਮੇਆਣਾ ਅਤੇ ਨਿੱਕਾ ਮਾਨ ਸਮੇਤ ਕਈ ਹੋਰ ਆਗੂਆਂ ਅਤੇ ਵਰਕਰਾਂ ਹਾਜ਼ਰ ਸਨ |