ਫ਼ਰੀਦਕੋਟ, 7 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਰਾਜ ਦੀਆਂ ਮਹਿਲਾਵਾਂ ਨੂੰ 1000 ਤੇ 1500 ਰੁਪਏ ਦੇਣ ਦੇ ਐਲਾਨ 'ਤੇ ਪ੍ਰਤੀਕ੍ਰਿਆ ਕਰਦਿਆਂ ਕਿਹਾ ਕਿ ਐਲਾਨ ਨਾਲ ਹੀ ਪਾਰਟੀ ਦੀ ਗਾਰੰਟੀ ਪੂਰੀ ਨਹੀਂ ਹੁੰਦੀ | ਚੋਣਾਂ ਤੋਂ ਪਹਿਲਾਂ ਐਲਾਨੀ ਗਈ ਇਹ ਰਾਸ਼ੀ ਦੇ ਬਣਦੇ 4 ਸਾਲਾਂ ਦੀਆਂ 48 ਕਿਸ਼ਤਾਂ ਦੇ ਪੈਸੇ ਇਕੋ ਵਾਰ ਪੰਜਾਬ ਦੀਆਂ ਮਹਿਲਾਵਾਂ ਨੂੰ ਦਿੱਤੇ ਜਾਣ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਹੁਣ ਤੋਂ ਇਕ ਇਕ ਮਹੀਨੇ ਦੇ ਪੈਸੇ ਦੇਵੇਗੀ ਤਾਂ ਇਹ ਸਰਕਾਰ ਕੇਵਲ 4-5 ਮਹੀਨੇ ਹੀ ਪੈਸੇ ਦੇ ਸਕੇਗੀ ਕਿਉਂਕਿ 2027 ਦੀਆਂ ਵਿਧਾਨ ਸਭਾ ਚੋਣਾਂ ਨਜ਼ਦੀਕ ਹਨ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ ਹੈ | ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਚੋਣ ਮਨੋਰਥ ਪੱਤਰ ਵਿਚ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਜਲਦੀ ਸਜ਼ਾ ਦੇਵੇਗੀ, ਪੰਜਾਬ 'ਚੋਂ ਨਸ਼ਿਆਂ ਦਾ ਖਾਤਮਾ, ਬੇਰੁਜ਼ਗਾਰੀ ਖ਼ਤਮ ਅਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਵੇਗੀ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਦਾਅਵੇ ਤਾਂ ਕੀ ਪੂਰੇ ਕਰਨ ਸਨ, ਉਹ ਹਰ ਰੋਜ਼ ਪੰਜਾਬ 'ਚ ਕੀਤੀਆਂ ਜਾ ਰਹੀਆਂ ਪਾਰਟੀ ਦੀਆਂ ਰੈਲੀਆਂ ਵਿਚ ਆਪਣੇ ਸ਼ਬਦਾਂ 'ਚ ਹੀ ਰੰਗਲਾ ਪੰਜਾਬ ਚੁੱਟਕਲਿਆਂ ਅਤੇ ਲਤੀਫ਼ਿਆਂ ਨਾਲ ਬਣਾ ਰਹੇ ਹਨ |