ਜੈਤੋ, 13 ਅਪ੍ਰੈਲ (ਗੁਰਮੀਤਪਾਲ ਰੋੜੀਕਪੂਰਾ)-ਕਣਕ ਦੀ ਖ਼ਰੀਦ ਦੇ ਸੀਜ਼ਨ ਨੂੰ ਧਿਆਨ 'ਚ ਰੱਖਦਿਆਂ ਜੈਤੋ ਦੀ ਅਨਾਜ ਮੰਡੀ 'ਚ ਲਿਫ਼ਟਿੰਗ ਤੇ ਟਰਾਂਸਪੋਰਟ ਦੇ ਪੂਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਟਰੱਕ ਯੂਨੀਅਨ ਜੈਤੋ ਦੇ ਪ੍ਰਧਾਨ ਹਰਸਿਮਰਨ ਮਲਹੋਤਰਾ ਨੇ ਦੱਸਿਆ ਕਿ ਮੰਡੀ 'ਚ ਆ ਰਹੀ ਕਣਕ ਦੀ ਸਮੇਂ ਸਿਰ ਲਿਫ਼ਟਿੰਗ ਯਕੀਨੀ ਬਣਾਉਣ ਲਈ ਟਰੱਕਾਂ ਦੀ ਵੱਧ-ਚੜ੍ਹ ਕੇ ਵਿਵਸਥਾ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਟਰੱਕ ਯੂਨੀਅਨ ਵਲੋਂ ਲੋਡਿੰਗ ਤੇ ਅਨਲੋਡਿੰਗ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਜਿਵੇਂ ਹੀ ਮੰਡੀ 'ਚ ਕਣਕ ਦੀ ਆਮਦ ਹੁੰਦੀ ਹੈ, ਤੁਰੰਤ ਟਰੱਕਾਂ ਰਾਹੀਂ ਲਿਫਟਿੰਗ ਕਰ ਦਿੱਤੀ ਜਾਵੇਗੀ ਤਾਂ ਜੋ ਮੰਡੀ 'ਚ ਕਿਤੇ ਵੀ ਕਣਕ ਦੇ ਢੇਰ ਨਾ ਲੱਗਣ | ਉਨ੍ਹਾਂ ਦੱਸਿਆ ਕਿ ਟਰੱਕਾਂ ਦੀ ਘਾਟ ਨਾ ਆਵੇ, ਇਸ ਲਈ ਯੂਨੀਅਨ ਵਲੋਂ ਵਾਧੂ ਵਾਹਨਾਂ ਦੇ ਵੀ ਪ੍ਰਬੰਧ ਕੀਤੇ ਗਏ ਹਨ ਤੇ ਲੋੜ ਪੈਣ 'ਤੇ ਹੋਰ ਟਰੱਕ ਵੀ ਤੁਰੰਤ ਉਪਲਬਧ ਕਰਵਾਏ ਜਾਣਗੇ | ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੇ ਤਜਰਬੇ ਨੂੰ ਧਿਆਨ 'ਚ ਰੱਖਦਿਆਂ ਇਸ ਵਾਰ ਪਹਿਲਾਂ ਹੀ ਪੂਰੀ ਯੋਜਨਾ ਤਿਆਰ ਕਰ ਲਈ ਗਈ ਹੈ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨਾਲ ਪੂਰਾ ਤਾਲਮੇਲ ਬਣਾ ਕੇ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਖ਼ਰੀਦ ਸੀਜ਼ਨ ਦੌਰਾਨ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਪੈਦਾ ਨਾ ਹੋਵੇ | ਮੰਡੀ 'ਚ ਆਉਣ ਵਾਲੀ ਕਣਕ ਦੀ ਸੁਰੱਖਿਆ ਤੇ ਸੰਭਾਲ ਲਈ ਵੀ ਉਚਿਤ ਪ੍ਰਬੰਧ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਟਰੱਕਾਂ ਸਬੰਧੀ ਕਿਸੇ ਵੀ ਸਮੱਸਿਆ ਨੂੰ ਮੌਕੇ 'ਤੇ ਹੀ ਹੱਲ ਕਰਨ ਲਈ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਤਾਂ ਜੋ ਕਿਸਾਨਾਂ ਤੇ ਆੜ੍ਹਤੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ | ਅੰਤ 'ਚ ਉਨ੍ਹਾਂ ਵਿਸ਼ਵਾਸ ਜਤਾਇਆ ਕਿ ਕਣਕ ਦੀ ਖ਼ਰੀਦ ਦਾ ਕੰਮ ਬਿਲਕੁਲ ਸੁਚਾਰੂ ਤਰੀਕੇ ਨਾਲ ਚੱਲੇਗਾ ਤੇ ਕਿਸਾਨਾਂ ਦੀ ਫ਼ਸਲ ਸਮੇਂ ਸਿਰ ਚੁਕਾਈ ਜਾਵੇਗੀ |