ਮਲੋਟ, 18 ਅਪ੍ਰੈਲ (ਪਾਟਿਲ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੇ ਮਲੋਟ ਲਾਗਲੇ ਕਈ ਪਿੰਡਾਂ ਵਿਚ ਕਿਸਾਨਾਂ ਤੇ ਮਜ਼ਦੂਰਾਂ 'ਤੇ ਕੁਦਰਤੀ ਆਫ਼ਤਾਂ ਦੀ ਦੋਹਰੀ ਮਾਰ ਪਈ ਹੈ | ਪਹਿਲਾਂ ਪਈ ਭਾਰੀ ਗੜੇ੍ਹਮਾਰੀ ਨੇ ਖੇਤਾਂ ਵਿਚ ਖੜ੍ਹੀ ਫ਼ਸਲ ਨੂੰ ਨੁਕਸਾਨ ਪਹੁੰਚਾਇਆ ਅਤੇ ਹੁਣ ਅੱਗ ਦੀਆਂ ਘਟਨਾਵਾਂ ਨੇ ਕਬਰਵਾਲਾ, ਪੱਕੀ ਟਿੱਬੀ, ਗੁਰੂਸਰ, ਯੋਧਾ, ਮਲੂਕਪੁਰ ਵਰਗੇ ਪਿੰਡਾਂ ਵਿਚ ਵੱਡੀ ਤਬਾਹੀ ਮਚਾਈ ਹੈ | ਇਸ ਸੰਬੰਧੀ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ ਨੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦੇ ਹੋਏ ਭਰੋਸਾ ਦਿਵਾਇਆ ਕਿ ਇਸ ਮੁਸ਼ਕਿਲ ਘੜੀ ਵਿਚ ਸਾਰੀਆਂ ਸੰਸਥਾਵਾਂ ਉਨ੍ਹਾਂ ਦੇ ਨਾਲ ਖੜ੍ਹੀਆਂ ਹਨ | ਡਾ. ਗਿੱਲ ਨੇ ਹਰ ਪਿੰਡ ਦੇ ਸਰਪੰਚਾਂ, ਸਾਬਕਾ ਸਰਪੰਚਾਂ, ਨੰਬਰਦਾਰਾਂ ਤੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿੰਡਾਂ ਵਿਚ ਕਮੇਟੀਆਂ ਬਣਾ ਕੇ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਣ | ਇਸ ਮੌਕੇ ਪਿੰਡ ਪੱਕੀ ਟਿੱਬੀ ਦੇ ਸਰਪੰਚ ਸੁਖਚੈਨ ਸਿੰਘ, ਕਬਰਵਾਲਾ ਦੇ ਸਾਬਕਾ ਸਰਪੰਚ ਸਵਰਨ ਸਿੰਘ, ਸਰਾਵਾਂ ਬੋਦਲਾਂ ਦੇ ਸਮਾਜ ਸੇਵਕ ਜਰਨੈਲ ਸਿੰਘ ਢਿੱਲੋਂ, ਐੱਨ.ਆਰ.ਆਈ. ਤੇ ਪਿੰਡ ਕੱਟਿਆਂਵਾਲੀ ਦੇ ਸਮਾਜ ਸੇਵਕ ਮਹਿਮਾ ਸਿੰਘ, ਹਰਭਜਨ ਸਿੰਘ, ਪਰਮਜੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਰੇਸ਼ਮ ਸਿੰਘ ਨੇ ਡਾ. ਗਿੱਲ ਨੂੰ ਭਰੋਸਾ ਦਿਵਾਇਆ ਕਿ ਉਹ ਆਪਣੇ-ਆਪਣੇ ਪਿੰਡਾਂ ਵਿਚ ਪੀੜਤ ਕਿਸਾਨਾਂ ਤੇ ਮਜ਼ਦੂਰਾਂ ਦੀ ਹਰ ਸੰਭਵ ਮਦਦ ਕਰਨਗੇ |