ਫ਼ਰੀਦਕੋਟ, 18 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਹਲਕਾ ਫ਼ਰੀਦਕੋਟ ਦੇ ਇੰਚਾਰਜ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਅੱਜ ਫ਼ਰੀਦਕੋਟ ਅਤੇ ਹਿਠਾੜ ਖੇਤਰ ਦੀਆਂ ਅਨਾਜ ਮੰਡੀਆਂ ਦਾ ਦੌਰਾ ਕਰਕੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਪਿਛਲੇ 15 ਦਿਨਾਂ ਤੋਂ ਮੰਡੀਆਂ ਵਿਚ ਕਣਕ ਦੀਆਂ ਢੇਰੀਆਂ 'ਤੇ ਬੈਠੇ ਕਿਸਾਨਾਂ ਦਾ ਹਾਲਚਾਲ ਜਾਣਿਆ | ਉਨ੍ਹਾਂ ਨਾਲ ਹਲਕੇ ਦੇ ਸੀਨੀਅਰ ਆਗੂ ਵੀ ਹਾਜ਼ਰ ਸਨ | ਬੰਟੀ ਰੋਮਾਣਾ ਨੇ ਆੜ੍ਹਤੀਆਂ ਅਤੇ ਕਿਸਾਨਾਂ ਨਾਲ ਕਣਕ ਦੀ ਖਰੀਦ ਨੂੰ ਲੈ ਗੱਲਬਾਤ ਕੀਤੀ ਉਥੇ ਹੀ ਪੰਜਾਬ ਸਰਕਾਰ ਵਲੋਂ ਕਣਕ ਦੀ ਖਰੀਦ ਵਿਚ ਕੀਤੀ ਗਈ ਦੇਰੀ ਅਤੇ ਨਾਕਸ ਪ੍ਰਬੰਧਾਂ ਬਾਰੇ ਸਰਕਾਰ 'ਤੇ ਸਵਾਲ ਖੜ੍ਹੇ ਕੀਤੇ | ਮੀਡੀਆ ਨਾਲ ਗੱਲਾਬਤ ਕਰਦਿਆਂ ਅਕਾਲੀ ਨੇਤਾ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਅੱਜ 18 ਅਪ੍ਰੈਲ ਹੋ ਗਈ ਹੈ ਪਰ ਪੰਜਾਬ ਦੀਆਂ ਅਨਾਜ ਮੰਡੀਆਂ ਵਿਚ ਹਾਲੇ ਵੀ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਨਹੀਂ ਹੋ ਸਕੀ | ਕਿਸਾਨਾਂ ਵਲੋਂ ਸੰਘਰਸ਼ ਕੀਤੇ ਜਾਣ ਅਤੇ ਅਕਾਲੀ ਦਲ ਵਲੋਂ ਸਰਕਾਰ ਦੀ ਕਾਰਗੁਜਾਰੀ 'ਤੇ ਸਵਾਲ ਉਠਾਏ ਜਾਣ ਦੇ ਚੱਲਦੇ ਸਰਕਾਰ 'ਤੇ ਜੋ ਦਬਾਅ ਬਣਿਆ ਸੀ ਉਸੇ ਦੇ ਚੱਲਦੇ ਬੇਸ਼ੱਕ ਸਰਕਾਰ ਵਲੋਂ ਬਿਨਾਂ ਬੋਲੀ ਤੋਂ ਹੀ ਕਿਸਾਨਾਂ ਦੀ ਫ਼ਸਲ ਤੁਲਵਾਈ ਅਤੇ ਬੋਰੀਆਂ ਵਿਚ ਭਰਵਾਈ ਜਾ ਰਹੀ ਹੈ ਪਰ ਸਰਕਾਰੀ ਰਿਕਾਰਡ ਕੋਈ ਨਹੀਂ, ਕਿਸਾਨਾਂ ਨੂੰ ਅਦਾਇਗੀ ਕੋਈ ਨਹੀਂ, ਕਿਸਾਨ ਅੱਜ ਵੀ ਕੋਈ 15 ਦਿਨਾਂ ਤੋਂ ਕੋਈ 12 ਦਿਨਾਂ ਤੋਂ ਕੋਈ 10 ਦਿਨਾਂ ਤੋਂ ਮੰਡੀਆ ਵਿਚ ਰੁਲ ਰਹੇ ਹਨ ਪਰ ਸਰਕਾਰ ਦੇ ਕੰਨ 'ਤੇ ਜੂੰ ਤੱਕ ਨਹੀਂ ਸਰਕ ਰਹੀ | ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਤੰਜ ਕਸਦਿਆਂ ਕਿਹਾ ਕਿ ਮੁੱਖ ਮੰਤਰੀ ਚੋਣਾਂ ਤੋਂ ਪਹਿਲਾਂ ਕਹਿੰਦੇ ਸਨ ਕਿ ਕਣਕ ਦੀ ਟਰਾਲੀ ਮੰਡੀ ਵਿਚ ਲਾਹ ਕੇ ਘਰ ਜਾਣ ਤੱਕ ਕਿਸਾਨਾਂ ਦੇ ਖਾਤਿਆਂ ਵਿਚ ਪੈਸੇ ਆ ਜਾਇਆ ਕਰਨਗੇ ਪਰ ਅੱਜ 15-15 ਦਿਨ ਕਿਸਾਨਾਂ ਨੂੰ ਮੰਡੀਆ ਵਿਚ ਰੁਲਦਿਆਂ ਨੂੰ ਹੋ ਗਏ ਪਰ ਸਰਕਾਰ ਹਾਲੇ ਤੱਕ ਸਰਕਾਰੀ ਖਰੀਦ ਸ਼ੁਰੂ ਨਹੀਂ ਕਰ ਸਕੀ | ਉਨ੍ਹਾਂ ਕਿਹਾ ਕਿ ਬਹਾਨਾ ਲਗਾਇਆ ਜਾ ਰਿਹਾ ਹੈ ਕਿ ਗੜ੍ਹੇਮਾਰੀ ਕਾਰਨ ਕਿਸਾਨਾਂ ਦੀ ਕਣਕ ਦਾ ਰੰਗ ਖਰਾਬ ਹੋ ਗਿਆ, ਦਾਣਾ ਬਰੀਕ ਰਹਿ ਗਿਆ ਤਾਂ ਕਰਕੇ ਕੇਂਦਰ ਸਰਕਾਰ ਦੀਆਂ ਏਜੰਸੀਆਂ ਅਨਾਜ ਨਹੀਂ ਖਰੀਦ ਰਹੀਆਂ ਪਰ ਫ਼ਰੀਦਕੋਟ ਜ਼ਿਲ੍ਹੇ ਅੰਦਰ ਤਾਂ ਕੋਈ ਗੜੇਮਾਰੀ ਨਹੀਂ ਹੋਈ ਇਥੇ ਤਾਂ ਅਨਾਜ ਦੀ ਕੁਆਲਟੀ ਵਿਚ ਕੋਈ ਫ਼ਰਕ ਨਹੀਂ ਪਿਆ ਫਿਰ ਇਥੇ ਅੱਜ ਤੱਕ ਸਰਕਾਰੀ ਖਰੀਦ ਕਿਉਂ ਨਹੀਂ ਸ਼ੁਰੂ ਕੀਤੀ ਗਈ | ਉਨ੍ਹਾਂ ਕਿਹਾ ਕਿ ਇਕ ਪਾਸੇ ਕਿਸਾਨ ਮੰਡੀਆਂ ਵਿਚ ਰੁਲ ਰਹੇ ਹਨ ਦੂਜੇ ਪਾਸੇ ਮੁੱਖ ਮੰਤਰੀ ਵਿਦੇਸ਼ ਵਿਚ ਛੁੱਟੀਆਂ ਮਨਾਉਣ ਚਲੇ ਗਏ ਹਨ | ਉਨ੍ਹਾਂ ਕਿਹਾ ਕਿ ਜੇਕਰ ਸੋਮਵਾਰ ਤੱਕ ਸਰਕਾਰ ਨੇ ਸਰਕਾਰੀ ਖਰੀਦ ਸ਼ੁਰੂ ਨਾ ਕਰਵਾਈ ਅਤੇ ਕਿਸਾਨਾਂ ਦੀ ਕਣਕ ਦੀ ਬੋਲੀ ਨਾ ਲੱਗੀ ਤਾਂ ਸ਼੍ਰੋਮਣੀ ਅਕਾਲੀ ਦਲ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਘਿਰਾਓ ਕਰੇਗਾ | ਇਸ ਮੌਕੇ ਬਲਜਿੰਦਰ ਸਿੰਘ ਧਾਲੀਵਾਲ ਸਾਬਕਾ ਚੇਅਰਮੈਨ, ਗੁਰਮੀਤ ਸਿੰਘ ਸੰਧੂ ਸਾਬਕਾ ਵਾਈਸ ਚੇਅਰਮੈਨ, ਕੁਲਵਿੰਦਰ ਸਿੰਘ ਅਹਿਲ, ਸ਼ਿਵਰਾਜ ਸਿੰਘ ਸਾਦਿਕ, ਜਗਤਾਰ ਸਿੰਘ ਸਰਪੰਚ, ਕਰਮ ਸਿੰਘ, ਬਬਰੀਕ ਸਿੰਘ ਬੀਕਾ ਰੋਮਾਣਾ, ਸ਼ਪਿੰਦਰ ਸਿੰਘ ਵੀਰੇਵਾਲਾ ਆਦਿ ਵੀ ਹਾਜ਼ਰ ਸਨ |