ਗਿੱਦੜਬਾਹਾ, 19 ਅਪ੍ਰੈਲ (ਪਰਮਜੀਤ ਸਿੰਘ ਥੇੜ੍ਹੀ)-ਥਾਣਾ ਗਿੱਦੜਬਾਹਾ ਪੁਲਿਸ ਨੇ ਤੇਜ਼ ਰਫ਼ਤਾਰ ਤੇ ਲਾਪ੍ਰਵਾਹੀ ਨਾਲ ਵਾਹਨ ਚਲਾ ਕੇ ਸੜਕ ਹਾਦਸਾ ਕਰਨ ਤੇ ਸੜਕ ਹਾਦਸੇ 'ਚ ਜ਼ਖ਼ਮੀ ਹੋਏ ਵਿਅਕਤੀ ਦੀ ਮੌਤ ਹੋਣ 'ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੂੰ ਦਿੱਤੇ ਬਿਆਨਾਂ 'ਚ ਅੰਮਿ੍ਤਪਾਲ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਭਲਾਈਆਣਾ ਨੇ ਦੱਸਿਆ ਕਿ ਉਸ ਦਾ ਪਿਤਾ ਮਲਕੀਤ ਸਿੰਘ ਸਿਡਨੀ ਹਾਈਟ ਮੈਰਿਜ ਪੈਲੇਸ ਕਰਮਗੜ੍ਹ ਛਤਰਾਂ ਜ਼ਿਲ੍ਹਾ ਬਠਿੰਡਾ ਵਿਖੇ ਰਾਤ ਸਮੇਂ ਚੌਂਕੀਦਾਰੀ ਦਾ ਕੰਮ ਕਰਦਾ ਹੈ | ਬੀਤੀ 17 ਅਪੈ੍ਰਲ ਨੂੰ ਉਸ ਦਾ ਪਿਤਾ ਮਲਕੀਤ ਸਿੰਘ ਆਪਣੇ ਮੋਟਰਸਾਈਕਲ ਨੰਬਰ ਪੀ.ਬੀ. 02 ਡੀ.ਕੇ. 1836 ਰਾਹੀਂ ਰਾਤ ਦੀ ਡਿਊਟੀ ਕਰਨ ਉਪਰੰਤ ਪਿੰਡ ਦੌਲਾ ਹੋ ਕੇ ਘਰ ਵਾਪਸ ਆ ਰਿਹਾ ਸੀ | ਉਹ ਵੀ ਆਪਣੇ ਪਿਤਾ ਪਿੱਛੇ ਇਕ ਵੱਖਰੇ ਮੋਟਰਸਾਈਕਲ 'ਤੇ ਪਿੰਡ ਵੱਲ ਜਾ ਰਿਹਾ ਸੀ | ਜਦੋਂ ਉਸ ਦੇ ਪਿਤਾ ਮਲਕੀਤ ਸਿੰਘ ਮਲੋਟ ਬਠਿੰਡਾ ਰੋਡ ਪਿੰਡ ਦੌਲਾ-ਕੋਟਭਾਈ ਚੌਰਸਤੇ ਦੇ ਨਜ਼ਦੀਕ ਪੁੱਜੇ ਤਾਂ ਬਠਿੰਡਾ ਸਾਈਡ ਤੋਂ ਇਕ ਅਣਪਛਾਤੇ ਵਾਹਨ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ, ਜਿਸ ਦੇ ਚਾਲਕ ਨੇ ਲਾਪ੍ਰਵਾਹੀ ਨਾਲ ਵਾਹਨ ਨੂੰ ਚਲਾਉਂਦੇ ਹੋਏ ਉਸ ਦੇ ਪਿਤਾ ਦੇ ਮੋਟਰਸਾਈਕਲ ਨੂੰ ਪਿੱਛੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦਾ ਪਿਤਾ ਮਲਕੀਤ ਸਿੰਘ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਤੇ ਇਲਾਜ ਦੌਰਾਨ ਉਸ ਦੇ ਪਿਤਾ ਦੀ ਮੌਤ ਹੋ ਗਈ | ਉੱਧਰ ਇਸ ਮਾਮਲੇ ਸੰਬੰਧੀ ਥਾਣਾ ਗਿੱਦੜਬਾਹਾ ਦੇ ਐੱਸ.ਐੱਚ.ਓ. ਹਰਗੋਬਿੰਦ ਸਿੰਘ ਮਾਨ ਨੇ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ ਤੇ ਪੁਲਿਸ ਦੀਆਂ ਵੱਖ-ਵੱਖ ਟੀਮਾਂ ਸੀ.ਸੀ.ਟੀ.ਵੀ. 'ਤੇ ਬਠਿੰਡਾ ਰੋਡ ਟੋਲ ਪਲਾਜੇ ਦੇ ਕੈਮਰਿਆਂ ਦੀ ਜਾਂਚ ਕਰ ਰਹੀਆਂ ਹਨ ਤੇ ਜਲਦੀ ਹੀ ਹਾਦਸੇ ਨੂੰ ਅੰਜਾਮ ਦੇਣ ਵਾਲੇ ਵਾਹਨ ਤੇ ਇਸ ਦੇ ਚਾਲਕ ਦਾ ਪਤਾ ਲੱਗ ਜਾਵੇਗਾ |