ਸ੍ਰੀ ਮੁਕਤਸਰ ਸਾਹਿਬ, 22 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਆਂਗਣਵਾੜੀ ਵਰਕਰਾਂ ਦੀਆਂ ਡਿਊਟੀਆਂ ਵੱਖ-ਵੱਖ ਸਕੀਮਾਂ ਵਿਚ ਵੱਖ-ਵੱਖ ਵਿਭਾਗਾਂ ਦੇ ਕੰਮਾਂ 'ਚ ਲਾਈਆਂ ਜਾ ਰਹੀਆਂ ਹਨ, ਜਦਕਿ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ 'ਚ ਆਂਗਣਵਾੜੀ ਵਰਕਰਾਂ ਨੂੰ ਪਹਿਲਾਂ ਤੋਂ ਹੀ ਝੋਕਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਇਕ ਪਾਸੇ ਵਿਭਾਗ ਦੀ ਮੰਤਰੀ ਡਾ. ਬਲਜੀਤ ਕੌਰ ਵਿਧਾਨ ਸਭਾ 'ਚ ਬਿਆਨ ਦਿੰਦੇ ਹਨ ਕਿ ਆਂਗਣਵਾੜੀ ਵਰਕਰ ਕੇਵਲ ਚਾਰ ਘੰਟੇ ਕੰਮ ਕਰਦੀਆਂ ਹਨ ਤੇ ਇਹ ਸੋਸ਼ਲ ਵਰਕਰ ਹਨ, ਮਾਣਭੱਤੇ 'ਤੇ ਕੰਮ ਕਰਦੇ ਹਨ, ਇਨ੍ਹਾਂ ਨੂੰ ਘੱਟੋ-ਘੱਟ ਉਜ਼ਰਤਾਂ ਵੀ ਨਹੀਂ ਦਿੱਤੀਆਂ ਜਾ ਸਕਦੀਆਂ | ਦੂਜੇ ਪਾਸੇ ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਨੂੰ ਚਿੱਠੀਆਂ ਕੱਢ ਕੇ ਵੱਖ-ਵੱਖ ਤਰ੍ਹਾਂ ਦੀਆਂ ਡਿਊਟੀਆਂ ਲਾ ਰਹੀ ਹੈ ਤੇ ਇਕ ਚਿੱਠੀ ਕੱਢੀ ਗਈ ਹੈ ਕਿ ਆਂਗਣਵਾੜੀ ਵਰਕਰ ਐਤਵਾਰ ਵੀ ਛੁੱਟੀ ਨਹੀਂ ਕਰਨਗੀਆਂ, ਉਹ ਮਾਵਾਂ ਧੀਆਂ ਯੋਜਨਾ ਦੇ ਸਤਿਕਾਰ ਯੋਜਨਾ ਦੇ ਵਿਚ ਫਾਰਮ ਭਰਨਗੀਆਂ | ਨਾਲ ਹੀ ਜੋ ਮਾਵਾਂ ਧੀਆਂ ਸਕੀਮ ਹੈ, ਉਸ ਲਈ ਚਿੱਠੀ ਕੱਢੀ ਹੈ ਕਿ ਜੇਕਰ ਆਂਗਣਵਾੜੀ ਵਰਕਰ ਨੇ ਸਖੀ ਦੇ ਕੋਡ ਨੰਬਰ ਤੋਂ ਬਿਨ੍ਹਾਂ ਕੋਈ ਫਾਰਮ ਆਪਣੇ-ਆਪ ਭਰ ਦਿੱਤਾ ਤਾਂ ਉਸ ਆਂਗਣਵਾੜੀ ਵਰਕਰ ਨੂੰ 25 ਰੁਪਏ ਵੀ ਨਹੀਂ ਦਿੱਤੇ ਜਾਣਗੇ | ਆਂਗਣਵਾੜੀ ਵਰਕਰ ਨੂੰ ਮਜ਼ਬੂਰ ਕੀਤਾ ਜਾ ਰਿਹਾ ਹੈ ਕਿ ਉਹ ਜੋ ਆਮ ਆਦਮੀ ਪਾਰਟੀ ਦੀ ਵਲੰਟੀਅਰ ਔਰਤ ਜਿਸ ਨੂੰ ਸਤਿਕਾਰ ਸਖੀ ਦਾ ਨਾਂਅ ਦਿੱਤਾ ਗਿਆ ਹੈ, ਉਸ ਦੇ ਕਹਿਣ 'ਤੇ ਹੀ ਔਰਤ ਦਾ ਫਾਰਮ ਭਰੇ | ਹਰਗੋਬਿੰਦ ਕੌਰ ਨੇ ਕਿਹਾ ਕਿ ਸਰਕਾਰ ਸਖੀ ਨੂੰ 300 ਰੁਪਏ ਪ੍ਰਤੀ ਲਾਭਪਾਤਰੀ, ਆਂਗਣਵਾੜੀ ਵਰਕਰ ਨੂੰ 25 ਰੁਪਏ ਪ੍ਰਤੀ ਲਾਭਪਾਤਰੀ ਤੇ ਹੈਲਪਰ ਨੂੰ ਕੁਝ ਵੀ ਨਹੀਂ ਦੇ ਰਹੀ | ਉਨ੍ਹਾਂ ਕਿਹਾ ਕਿ ਸਰਕਾਰ ਸਤਿਕਾਰ ਸਖੀ ਤੋਂ ਹੀ ਫਾਰਮ ਭਰਾ ਲਵੇ ਤੇ ਉਸ ਨੂੰ ਹੀ 25 ਰੁਪਏ ਦੇ ਦੇਵੇ | ਆਂਗਣਵਾੜੀ ਵਰਕਰ ਇਹ ਕੰਮ ਨਹੀਂ ਕਰਨਗੀਆਂ | ਪੰਜਾਬ ਸਰਕਾਰ ਵਰਕਰਾਂ ਨਾਲ ਬਹੁਤ ਧੱਕੇਸ਼ਾਹੀ ਕਰ ਰਹੀ ਹੈ, ਜਿਸ ਦਾ ਜਥੇਬੰਦੀ ਵਿਰੋਧ ਕਰਦੀ ਹੈ | ਜੇਕਰ ਸਰਕਾਰ ਨੇ ਧੱਕਾ ਬੰਦ ਨਾ ਕੀਤਾ ਤਾਂ ਜਥੇਬੰਦੀ ਵਲੋਂ ਡਾਇਰੈਕਟਰ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ |