ਪੰਜਗਰਾੲੀਂ ਕਲਾਂ, 22 ਅਪ੍ਰੈਲ (ਸੁਖਮੰਦਰ ਸਿੰਘ ਬਰਾੜ)-ਵਿਸ਼ਵ ਧਰਤੀ ਦਿਵਸ ਮੌਕੇ ਜੀ. ਐਨ. ਕਾਨਵੈਂਟ ਸਕੂਲ ਭਲੂਰ ਵਿਖੇ ਸ਼ਾਨਦਾਰ ਸਮਾਗਮ ਕਰਵਾਇਆ ਗਿਆ | ਸਮਾਗਮ 'ਚ ਸਾਬਕਾ ਸਰਪੰਚ ਬੋਹੜ ਸਿੰਘ, ਪ੍ਰਸਿੱਧ ਸਾਹਿਤਕਾਰ ਮਾਸਟਰ ਬਿੱਕਰ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਸਾਬਕਾ ਸਰਪੰਚ ਬੋਹੜ ਸਿੰਘ ਨੇ ਵਾਤਾਵਰਨ ਦੀ ਮਹੱਤਤਾ ਬਾਰੇ ਦੱਸਿਆ ਤੇ ਅਜੋਕੇ ਸਮੇਂ ਵਿਚ ਵਾਤਾਵਰਨ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਬੱਚਿਆਂ ਨੂੰ ਵਾਤਾਵਰਨ ਦੀ ਸੰਭਾਲ ਲਈ ਵੱਧ ਤੋਂ ਵੱਧ ਬੂਟੇ ਲਾਉਣ ਦੀ ਅਪੀਲ ਕੀਤੀ | ਪਿ੍ੰਸੀਪਲ ਰਮਨਦੀਪ ਕੌਰ ਨੇ ਧਰਤੀ ਦਿਵਸ ਨੂੰ ਮਨਾਏ ਜਾਣ ਦੇ ਉਦੇਸ਼ਾਂ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਤੇ ਅਪੀਲ ਕੀਤੀ ਕਿ ਉਹ ਧਰਤੀ ਮਾਂ ਹਰਿਆ-ਭਰਿਆ ਰੱਖਣ ਲਈ ਵੱਧ ਤੋਂ ਵੱਧ ਆਪਣਾ ਯੋਗਦਾਨ ਪਾਉਣ | ਇਸ ਮੌਕੇ ਬੱਚਿਆਂ ਵਲੋਂ ਸਕੂਲ ਕੈਂਪਸ ਵਿਚ ਬੂਟੇ ਲਗਾ ਕੇ ਵਾਤਾਵਰਨ ਦੀ ਸੰਭਾਲ ਰੱਖਣਾ ਦਾ ਅਹਿਦ ਵੀ ਲਿਆ |