ਫ਼ਰੀਦਕੋਟ, 22 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਮਾਊਾਟ ਲਿਟਰਾ ਜ਼ੀ ਸਕੂਲ ਫ਼ਰੀਦਕੋਟ ਦੇ ਵਿਦਿਆਰਥੀਆਂ ਨੇ ਵਿਸ਼ਵ ਧਰਤੀ ਦਿਵਸ ਦੇ ਸ਼ੁਭ ਮੌਕੇ 'ਤੇ ਵਾਤਾਵਰਨ ਸੁਰੱਖਿਆ ਪ੍ਰਤੀ ਜਾਗਰੂਕਤਾ ਫ਼ੈਲਾਉਣ ਲਈ ਸ਼ਲਾਘਾਯੋਗ ਪਹਿਲਕਦਮੀ ਕੀਤੀ | ਛੇਵੀਂ ਤੇ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਨੇ ਕੋਟਕਪੂਰਾ ਸ਼ਹਿਰ 'ਚ ਇਕ ਜਾਗਰੂਕਤਾ ਰੈਲੀ ਕੱਢੀ, ਜਿਸਦਾ ਉਦੇਸ਼ ਕੁਦਰਤ ਤੇ ਧਰਤੀ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ | ਰੈਲੀ ਦੌਰਾਨ ਵਿਦਿਆਰਥੀਆਂ ਨੇ ਵਾਤਾਵਰਨ ਸੁਰੱਖਿਆ ਨਾਲ ਸਬੰਧਿਤ ਨਾਅਰੇ ਲਗਾਏ, ਇਹ ਸੰਦੇਸ਼ ਦਿੱਤਾ ਕਿ ਰੁੱਖਾਂ ਦੀ ਰੱਖਿਆ ਕਰਨਾ ਤੇ ਸਾਫ਼ ਵਾਤਾਵਰਨ ਬਣਾਈ ਰੱਖਣਾ ਹਰ ਕਿਸੇ ਦੀ ਜ਼ਿੰਮੇਵਾਰੀ ਹੈ | ਇਸ ਮੌਕੇ ਵਿਦਿਆਰਥੀਆਂ ਨੇ ਸ਼ਹਿਰ ਦੇ ਵੱਖ-ਵੱਖ ਥਾਵਾਂ 'ਤੇ ਬੂਟੇ ਵੀ ਲਗਾਏ ਤੇ ਲੋਕਾਂ ਨੂੰ ਬੂਟੇ ਵੰਡੇ, ਹਰੇ ਭਰੇ ਵਾਤਾਵਰਨ ਨੂੰ ਉਤਸ਼ਾਹਿਤ ਕਰਨ ਲਈ ਬੂਟੇ ਲਗਾਉਣ ਦਾ ਸੰਦੇਸ਼ ਦਿੱਤਾ | ਰੈਲੀ ਦੀ ਅਗਵਾਈ ਈਸ਼ਾਨ ਨੇ ਕੀਤੀ | ਅਧਿਆਪਕਾ ਆਸ਼ੂ ਮੋਂਗਾ, ਸ਼ਿਵਾਨੀ ਗੁਲਾਟੀ ਅਤੇ ਮਨਦੀਪ ਕੁਮਾਰ ਨੇ ਵਿਦਿਆਰਥੀਆਂ ਨੂੰ ਮਾਰਗਦਰਸ਼ਨ ਤੇ ਉਤਸ਼ਾਹਿਤ ਕੀਤਾ | ਉਨ੍ਹਾਂ ਨੂੰ ਕੁਦਰਤ ਪ੍ਰਤੀ ਜ਼ਿੰਮੇਵਾਰੀ ਲੈਣ ਲਈ ਪ੍ਰੇਰਿਤ ਕੀਤਾ | ਸਕੂਲ ਦੇ ਚੇਅਰਮੈਨ ਇੰਜੀ. ਚਮਨ ਲਾਲ ਗੁਲਾਟੀ ਤੇ ਪਿ੍ੰਸੀਪਲ ਰਜਨੀ ਠਾਕੁਰ ਨੇ ਕਿਹਾ ਕਿ ਵਾਤਾਵਰਨ ਦੀ ਰੱਖਿਆ ਕਰਨਾ ਸਮੇਂ ਦੀ ਲੋੜ ਹੈ | ਇਹ ਪ੍ਰੋਗਰਾਮ ਵਿਦਿਆਰਥੀਆਂ ਵਿਚ ਵਾਤਾਵਰਨ ਪ੍ਰਤੀ ਸੰਵੇਦਨਸ਼ੀਲਤਾ ਵਿਕਸਤ ਕਰਨ ਤੇ ਸਮਾਜ ਨੂੰ ਸਕਾਰਾਤਮਕ ਸੰਦੇਸ਼ ਫੈਲਾਉਣ ਵਿਚ ਇਕ ਮਹੱਤਵਪੂਰਨ ਕਦਮ ਸਾਬਤ ਹੋਇਆ |