ਫ਼ਰੀਦਕੋਟ, 23 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਨਸ਼ਾ ਤਸਕਰੀ ਨੈੱਟਵਰਕਾਂ ਵਿਰੁੱਧ ਫ਼ਰੀਦਕੋਟ ਪੁਲਿਸ ਵਲੋਂ ਇਕ ਹੋਰ ਵੱਡੀ ਸਫ਼ਲਤਾ ਹਾਸਿਲ ਕਰਦੇ ਹੋਏ ਵਿਦੇਸ਼ ਨਾਲ ਜੁੜੇ ਇਕ ਵੱਡੇ ਡਰੱਗ ਨੈਟਵਰਕ ਦਾ ਪਰਦਾਫ਼ਾਸ਼ ਕਰਦਿਆਂ 1 ਦੋਸ਼ੀ ਨੂੰ 512 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ | ਜਾਣਕਾਰੀ ਦਿੰਦਿਆਂ ਡਾ. ਪ੍ਰਗਿਆ ਜੈਨ ਐਸ.ਐਸ.ਪੀ ਫ਼ਰੀਦਕੋਟ ਨੇ ਦੱਸਿਆ ਕਿ ਕਾਬੂ ਕੀਤਾ ਦੋਸ਼ੀ ਗੁਰਮੀਤ ਸਿੰਘ ਉਰਫ਼ ਮੀਤੂ ਪੁੱਤਰ ਜੋਗਿੰਦਰ ਸਿੰਘ ਪੁੱਤਰ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਕਮਾਲੇ ਵਾਲਾ ਦਾ ਰਹਿਣ ਵਾਲਾ ਹੈ | ਪੁਲਿਸ ਨੇ ਇਸ ਆਪ੍ਰੇਸ਼ਨ ਦੌਰਾਨ ਹੈਰੋਇਨ ਸਮੇਤ ਇਕ ਵੈਨਿਊ ਕਾਰ ਨੂੰ ਵੀ ਕਬਜ਼ੇ ਵਿਚ ਲਿਆ ਹੈ | ਐਸ.ਐਸ.ਪੀ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਗਿ੍ਫ਼ਤਾਰ ਦੋਸ਼ੀ ਸਿੱਧੇ ਤੌਰ 'ਤੇ ਵਿਦੇਸ਼ ਬੈਠੇ ਸਰਗਨਾ ਨਾਲ ਸੰਪਰਕ ਵਿਚ ਸੀ ਅਤੇ ਉਸ ਲਈ ਲੋਕਲ ਹੈਂਡਲਰ ਵਜੋਂ ਕੰਮ ਕਰਦੇ ਹੋਏ ਇਲਾਕੇ ਵਿਚ ਨਸ਼ੇ ਦੀ ਖੇਪ ਦੀ ਸਪਲਾਈ ਕਰ ਰਿਹਾ ਸੀ | ਤਰਲੋਚਨ ਸਿੰਘ ਡੀ.ਐਸ.ਪੀ ਨੇ ਦੱਸਿਆ ਕਿ ਥਾਣੇਦਾਰ ਗੁਰਲਾਲ ਸਿੰਘ ਮੁੱਖ ਅਫ਼ਸਰ ਥਾਣਾ ਸਾਦਿਕ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਬੇਅੰਤ ਸਿੰਘ ਪੁਲਿਸ ਪਾਰਟੀ ਸਮੇਤ ਏਰੀਆ ਵਿਚ ਗਸ਼ਤ ਕਰ ਰਹੇ ਸੀ ਤਾਂ ਪਿੰਡ ਚੱਕ ਸਾਹੂ ਤੋਂ ਕੱਚਾ ਰਸਤਾ ਫ਼ਿਰੋਜ਼ਪੁਰ ਤੋਂ ਸਾਦਿਕ ਮੇਨ ਰੋਡ ਪਰ ਇਕ ਵੈਨਿਊ ਕਾਰ ਨੂੰ ਸ਼ੱਕ ਦੇ ਅਧਾਰ 'ਤੇ ਰੋਕਿਆ ਗਿਆ, ਜਿਸ ਦੌਰਾਨ ਦੋਸ਼ੀ ਨੂੰ ਕਾਬੂ ਕਰਕੇ ਵਾਹਨ ਦੀ ਤਲਾਸ਼ੀ ਕਰਨ ਤੇ 512 ਗ੍ਰਾਮ ਹੈਰੋਇਨ ਬਰਾਮਦ ਹੋਈ | ਉਨ੍ਹਾਂ ਦੱਸਿਆ ਕਿ ਗਿ੍ਫ਼ਤਾਰ ਦੋਸ਼ੀ ਗੁਰਮੀਤ ਸਿੰਘ ਖਿਲਾਫ਼ ਪਹਿਲਾਂ ਵੀ ਨਸ਼ੇ ਦੀ ਤਸਕਰੀ ਸਬੰਧੀ ਫ਼ਿਰੋਜ਼ਪੁਰ ਦੇ ਥਾਣਾ ਕੁਲਗੜੀ ਵਿਖੇ ਮਾਮਲਾ ਦਰਜ ਹੈ |