ਮਲੋਟ, 23 ਅਪ੍ਰੈਲ (ਪਾਟਿਲ)-ਕਿਡਸ ਕਿੰਗਡਮ ਕਾਨਵੈਂਟ ਸਕੂਲ ਮਲੋਟ ਵਿਖੇ ਧਰਤੀ ਦਿਵਸ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਸੰਭਾਲ ਤੇ ਸੁਰੱਖਿਆ ਦੇ ਮਹੱਤਵ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ | ਸਕੂਲ ਦਾ ਮਾਹੌਲ ਹਰਿਆਲੀ ਤੇ ਬੱਚਿਆਂ ਦੀ ਭਰਪੂਰ ਭਾਗੀਦਾਰੀ ਨਾਲ ਰੌਣਕਮਈ ਬਣਿਆ ਰਿਹਾ | ਪ੍ਰੋਗਰਾਮ ਤਹਿਤ ਬੱਚਿਆਂ ਨੂੰ ਘਰੋਂ ਬੂਟੇ ਲਿਆਉਣ ਲਈ ਪ੍ਰੇਰਿਤ ਕੀਤਾ ਗਿਆ ਸੀ, ਜਿਸ ਨਾਲ ਉਹ ਇਸ ਮੁਹਿੰਮ ਨਾਲ ਜੁੜੇ ਰਹਿਣ | ਇਸ ਦੇ ਨਾਲ ਹੀ ਸਕੂਲ ਵਲੋਂ ਵੀ ਵੱਖ-ਵੱਖ ਕਿਸਮ ਦੇ ਬੂਟੇ ਉਪਲਬਧ ਕਰਵਾਏ ਗਏ | ਥੀਏਟਰ ਰੂਮ 'ਚ ਵਿਸ਼ੇਸ਼ ਪ੍ਰੋਗਰਾਮ ਹੋਇਆ, ਜਿਸ ਦੌਰਾਨ ਵਿਦਿਆਰਥੀਆਂ ਨੂੰ ਧਰਤੀ ਦਿਵਸ ਦੀ ਮਹੱਤਤਾ ਬਾਰੇ ਭਾਸ਼ਣ ਦਿੱਤਾ ਗਿਆ ਤੇ ਪ੍ਰੈਜ਼ੇਟੇਸ਼ਨ ਰਾਹੀਂ ਵਾਤਾਵਰਨ ਸੰਭਾਲ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ | ਇਸ ਮੌਕੇ ਸਕੂਲ ਦੇ ਡਾਇਰੈਕਟਰ ਵਰੁਣ ਸੋਖਲ ਤੇ ਸੁਲੇਖਾ ਸੋਖਲ ਨੇ ਬੱਚਿਆਂ ਨਾਲ ਮਿਲ ਕੇ ਬੂਟੇ ਲਗਾਏ | ਪਿ੍ੰਸੀਪਲ ਰੋਬਿਨਸਨ ਜੋਸਫ ਨੇ ਵੀ ਹਰ ਗਤੀਵਿਧੀ ਵਿਚ ਸਰਗਰਮ ਭਾਗ ਲੈਂਦੇ ਹੋਏ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਰੱਖਿਆ ਲਈ ਪ੍ਰੇਰਿਤ ਕੀਤਾ | ਸਮਾਗਮ ਰਾਹੀਂ ਬੱਚਿਆਂ ਵਿਚ ਕੁਦਰਤ ਪ੍ਰਤੀ ਜ਼ਿੰਮੇਵਾਰੀ ਤੇ ਜਾਗਰੂਕਤਾ ਪੈਦਾ ਕਰਨ ਦਾ ਸੰਦੇਸ਼ ਦਿੱਤਾ ਗਿਆ |