ਸ੍ਰੀ ਮੁਕਤਸਰ ਸਾਹਿਬ, 23 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਤੇ ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ, ਸਾਬਕਾ ਲੋਕ ਸਭਾ ਮੈਂਬਰ ਜਗਮੀਤ ਸਿੰਘ ਬਰਾੜ ਸਮੇਤ ਹੋਰ ਕਈ ਆਗੂ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਲਦੇਵ ਸਿੰਘ ਸਿਵੀਆ ਦੀ ਧਰਮਪਤਨੀ ਸਰਦਾਰਨੀ ਹਰਜੀਤ ਕੌਰ ਦੀ ਅੰਤਿਮ ਅਰਦਾਸ ਵਿਚ ਸ਼ਾਮਿਲ ਹੋਏ ਤੇ ਬਲਦੇਵ ਸਿੰਘ ਸਿਵੀਆ ਨਾਲ ਦੁੱਖ ਸਾਂਝਾ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਪੰਥਕ ਰਾਜਨੀਤੀ ਵਿਚ ਐਡਵੋਕੇਟ ਬਲਦੇਵ ਸਿੰਘ ਸਿਵੀਆ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ | ਉਹ ਸੱਚਾਈ 'ਤੇ ਚੱਲਣ ਵਾਲੇ ਇਮਾਨਦਾਰ ਆਗੂ ਰਹੇ ਹਨ | ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਰਾਜ ਨਹੀਂ ਸੇਵਾ ਦੇ ਸੰਕਲਪ ਨੂੰ ਰਾਜਨੀਤੀ ਵਿਚ ਬਲਦੇਵ ਸਿੰਘ ਸਿਵੀਆ ਨੇ ਸੱਚ ਕਰਕੇ ਵਿਖਾਇਆ ਹੈ | ਚਰਨਜੀਤ ਸਿੰਘ ਅਟਵਾਲ ਨੇ ਕਿਹਾ ਕਿ 1957 ਤੋਂ ਲੈ ਕੇ ਰਾਜਨੀਤੀ ਵਿਚੋਂ ਬਲਦੇਵ ਸਿੰਘ ਨਾਲ ਇਕੱਠੇ ਵਿਚਰੇ ਹਨ | ਉਨ੍ਹਾਂ ਕਿਹਾ ਕਿ ਹਰ ਵਰਗ ਦੇ ਬੱਚਿਆਂ ਨੂੰ ਬਰਾਬਰ ਵਿਦਿਆ ਹਾਸਿਲ ਕਰਨ ਦੇ ਮੌਕੇ ਮਿਲਣੇ ਚਾਹੀਦੇ ਹਨ, ਇਸ ਸੰਬੰਧੀ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਮਿਲੇ ਹਨ | ਦੇਸ਼ ਦੇ ਸਿੱਖਿਆ ਮੰਤਰੀ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਸਰਕਾਰੀ ਤੇ ਕਾਨਵੈਂਟ ਸਕੂਲਾਂ ਵਿਚ ਪੜ੍ਹਨ ਵਾਲੇ ਬੱਚਿਆਂ 'ਚ ਫ਼ਰਕ ਨਹੀਂ ਹੋਣਾ ਚਾਹੀਦਾ | ਇਸ ਮੌਕੇ ਸੰਤ ਸਿੰਘ ਬਰਾੜ, ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ, ਜਬਰਜੰਗ ਸਿੰਘ ਬਰਾੜ, ਸ਼੍ਰੋਮਣੀ ਕਮੇਟੀ ਮੈਂਬਰ ਸਰੂਪ ਸਿੰਘ ਨੰਦਗੜ੍ਹ, ਜਥੇਦਾਰ ਹੀਰਾ ਸਿੰਘ ਚੜੇਵਾਨ, ਗੁਰਦਾਸ ਗਿਰਧਰ, ਸੇਵਾ ਮੁਕਤ ਲੋਕ ਸੰਪਰਕ ਅਫ਼ਸਰ ਗੁਰਦੇਵ ਸਿੰਘ ਹਾਜ਼ਰ ਸਨ |