06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਕੰਪਿਊਟਰ ਸਾਇੰਸ ਇੰਜੀਨੀਅਰ ਬਣਨਾ ਚਾਹੁੰਦਾ ਹੈ ਕੀਰਤਨਪਾਲ ਸਿੰਘ <br/>

Ad Position 21
No active advertisement
ਅਜੀਤ ਡੈਸਕ 26-04-2026
ਸ੍ਰੀ ਮੁਕਤਸਰ ਸਾਹਿਬ, 25 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਪਿੰਡ ਰਾਮਗੜ੍ਹ ਚੂੰਘਾਂ ਦੇ ਸਧਾਰਨ ਪਰਿਵਾਰ ਵਿਚ ਪੈਦਾ ਹੋਏ ਕੀਰਤਨਪਾਲ ਸਿੰਘ ਨੇ ਲਿਟਲ ਫਲਾਵਰ ਕਾਨਵੈਂਟ ਸਕੂਲ ਸ੍ਰੀ ਮੁਕਤਸਰ ਸਾਹਿਬ ਤੋਂ ਦਸਵੀਂ ਪਾਸ ਕੀਤੀ ਅਤੇ ਇਸ ਸਾਲ 10+2 ਦੇ ਪੇਪਰ ਦਿੱਤੇ | ਉਸ ਨੇ ਬਿਨਾਂ ਕਿਸੇ ਟਿਊਸ਼ਨ ਤੋਂ ਪੜ੍ਹਾਈ ਵਿਚ ਮੱਲ੍ਹਾਂ ਮਾਰੀਆਂ ਤੇ ਬਗੈਰ ਕੋਚਿੰਗ ਤੋਂ ਹੀ ਜੇ.ਈ. ਮੇਨ ਦੀ ਪ੍ਰੀਖਿਆ ਦਿੱਤੀ ਅਤੇ ਉਸ ਵਿਚ ਐੱਸ.ਸੀ. ਕੋਟੇ 'ਚ ਦੇਸ਼ ਭਰ ਵਿਚੋਂ 860ਵਾਂ ਰੈਂਕ ਪ੍ਰਾਪਤ ਕਰਕੇ ਸਕੂਲ, ਪਿੰਡ ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਨਾਂਅ ਰੋਸ਼ਨ ਕੀਤਾ | ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕੀਰਤਨਪਾਲ ਸਿੰਘ ਨੇ ਕਿਹਾ ਕਿ ਉਹ ਅੱਗੇ ਚੰਗੇ ਤਕਨੀਕੀ ਕਾਲਜ ਵਿਚ ਦਾਖ਼ਲਾ ਲੈ ਕੇ ਕੰਪਿਊਟਰ ਸਾਇੰਸ ਇੰਜੀਨੀਅਰ ਬਣਨਾ ਚਾਹੁੰਦਾ ਹੈ | ਇਸ ਦੇ ਪਿਤਾ ਗੋਪੀ ਸਿੰਘ ਪੰਚਾਇਤ ਸੈਕਟਰੀ ਦੀ 2017 ਵਿਚ ਮੌਤ ਹੋ ਗਈ ਸੀ | ਹੁਣ ਇਸ ਦੀ ਮਾਤਾ ਚਰਨਜੀਤ ਕੌਰ ਤੇ ਨਾਨੀ ਅਮਰਜੀਤ ਕੌਰ ਦੀ ਸਰਪ੍ਰਸਤੀ ਵਿਚ ਬੱਚਾ ਪੜ੍ਹਾਈ ਦੇ ਖੇਤਰ ਵਿਚ ਅੱਗੇ ਵੱਧ ਰਿਹਾ ਹੈ, ਜਦਕਿ ਇਸ ਦਾ ਛੋਟਾ ਭਰਾ ਪਰਮਪਾਲ ਸਿੰਘ ਵੀ ਪੜ੍ਹਾਈ ਵਿਚ ਹੁਸ਼ਿਆਰ ਹੈ ਅਤੇ ਇਸ ਸਮੇਂ ਗਿਆਰ੍ਹਵੀਂ 'ਚੋਂ ਪਾਸ ਹੋ ਕੇ ਬਾਰ੍ਹਵੀਂ ਕਲਾਸ ਵਿਚ ਪੜ੍ਹਾਈ ਕਰ ਰਿਹਾ ਹੈ | ਪਿੰਡ ਦੇ ਪਿਛੋਕੜ ਤੇ ਅਨੁਸੂਚਿਤ ਜਾਤੀ ਪਰਿਵਾਰ ਨਾਲ ਸੰਬੰਧਿਤ ਕੀਰਤਨਪਾਲ ਸਿੰਘ ਆਪਣੀ ਕਾਬਲੀਅਤ ਤੇ ਮਿਹਨਤ ਸਦਕਾ ਪੜ੍ਹਾਈ ਵਿਚ ਹਮੇਸ਼ਾ ਮੋਹਰੀ ਰਿਹਾ ਹੈ | ਬੱਚਿਆਂ ਦੀ ਉਚ ਵਿਦਿਆ ਲਈ ਮਾਤਾ ਚਰਨਜੀਤ ਕੌਰ ਕੱਪੜੇ ਦੀ ਸਿਲਾਈ ਸਮੇਤ ਹੋਰ ਹੱਥੀਂ ਮਿਹਨਤ ਕਰ ਰਹੇ ਹਨ ਅਤੇ ਆਪਣੇ ਦੋਵੇਂ ਹੋਣਹਾਰ ਦਸਤਾਰਧਾਰੀ ਬੱਚਿਆਂ ਨੂੰ ਉਚ ਪਦਵੀਆਂ 'ਤੇ ਵੇਖਣ ਦੀ ਤਾਂਘ ਰੱਖਦੇ ਹਨ | ਮਾਤਾ ਚਰਨਜੀਤ ਕੌਰ ਨੇ ਕਿਹਾ ਕਿ ਬਹੁਤ ਦੁਸ਼ਵਾਰੀਆਂ ਵਿਚੋਂ ਲੰਘਦੇ ਹੋਏ ਮਿਹਨਤ ਕਰਕੇ ਬੱਚਿਆਂ ਦੀ ਪੜ੍ਹਾਈ ਨੂੰ ਜਾਰੀ ਰੱਖ ਰਹੇ ਹਨ ਤਾਂ ਜੋ ਬੱਚੇ ਵਿਦਿਆ ਹਾਸਿਲ ਕਰਕੇ ਉਚ ਪਦਵੀਆਂ 'ਤੇ ਪਹੁੰਚ ਸਕਣ | ਅਜਿਹੇ ਪੜ੍ਹਾਈ ਵਿਚ ਹੁਸ਼ਿਆਰ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਦੀ ਸਰਕਾਰਾਂ, ਸ਼੍ਰੋਮਣੀ ਕਮੇਟੀ ਅਤੇ ਹੋਰ ਸਮਾਜਿਕ ਸੰਸਥਾਵਾਂ ਨੂੰ ਵੀ ਬਾਂਹ ਫ਼ੜ੍ਹਨੀ ਚਾਹੀਦੀ ਹੈ ਤਾਂ ਜੋ ਹੋਰ ਹੌਂਸਲੇ ਨਾਲ ਅਗਲੇਰੀ ਉਚ ਪੜ੍ਹਾਈ ਕਰ ਸਕਣ | ਲਿਟਲ ਫਿਲਾਵਰ ਕਾਨਵੈਂਟ ਸਕੂਲ ਦੀ ਮੈਨੇਜਮੈਂਟ ਤੇ ਪਿ੍ੰਸੀਪਲ ਨੇ ਵੀ ਕੀਰਤਨਪਾਲ ਸਿੰਘ ਦੀ ਇਸ ਪ੍ਰਾਪਤੀ 'ਤੇ ਮਾਣ ਕਰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਹੈ | ਇਸ ਤੋਂ ਇਲਾਵਾ ਪਿੰਡ ਰਾਮਗੜ੍ਹ ਚੂੰਘਾਂ ਵਾਸੀਆਂ ਨੇ ਵੀ ਕੀਰਤਨਪਾਲ ਸਿੰਘ ਨੂੰ ਇਸ ਪ੍ਰਾਪਤੀ 'ਤੇ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦੇ ਉਜਵਲ ਭਵਿੱਖ ਲਈ ਦੁਆਵਾਂ ਕੀਤੀਆਂ |

Ad Position 22
No active advertisement
ਪਿਛਲੀ ਖ਼ਬਰ ਸਿਵਲ ਹਸਪਤਾਲ ਵਿਖੇ ਵਿਸ਼ਵ ਮਲੇਰੀਆ ਦਿਵਸ ਮਨਾਇਆ <br/> ਅਗਲੀ ਖ਼ਬਰ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸ਼ਹਿਰ 'ਚ ਕਰਵਾਏ ਜਾ ਰਹੇ ਹਨ ਵਿਕਾਸ ਕਾਰਜ <br/>
Ad Position 24
No active advertisement