ਸਾਦਿਕ, 25 ਅਪ੍ਰੈਲ (ਆਰ.ਐਸ.ਧੁੰਨਾ)-ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ਦੀਪ ਸਿੰਘ ਵਾਲਾ ਵਿਖੇ ਸਕੂਲ ਕੌਂਸਲ ਅਤੇ ਹਾਊਸ ਕੌਂਸਲ ਇਨਵੈਸਟੀਚਰ ਸਰਮਨੀ (ਅਹੁਦਾ ਸੰਭਾਲ ਸਮਾਰੋਹ) ਕਰਵਾਇਆ ਗਿਆ | ਜਿਸ ਵਿਚ ਧਨਜੀਤ ਸਿੰਘ ਧਨੀ ਵਿਰਕ ਸਾਬਕਾ ਚੇਅਰਮੈਨ ਪੰਜਾਬ ਜਿਨਕੋ ਲਿਮਿਟਡ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਿਲ ਹੋਏ | ਇਸ ਸਮਾਗਮ ਦੀ ਸ਼ੁਰੂਆਤ ਸਕੂਲ ਪਿ੍ੰਸੀਪਲ, ਮੈਨੇਜਮੈਂਟ ਅਤੇ ਮੁੱਖ ਮਹਿਮਾਨ ਵਲੋਂ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ਗਈ | ਇਸ ਸਮਾਰੋਹ 'ਚ ਵਿਦਿਆਰਥੀਆਂ ਦੀ ਵੱਖ-ਵੱਖ ਅਹੁਦੇ ਜਿਵੇਂ ਹੈੱਡ ਬੁਆਏ, ਹੈੱਡ ਗਰਲ, ਡਿਪਟੀ ਹੈੱਡ ਬੁਆਏ, ਡਿਪਟੀ ਹੈੱਡ ਗਰਲ, ਸਪੋਰਟਸ ਸੈਕਟਰੀ ਬੁਆਏ, ਸਪੋਰਟਸ ਸੈਕਟਰੀ ਗਰਲ, ਕਲਚਰਲ ਸੈਕਟਰੀ ਬੁਆਏ, ਕਲਚਰਲ ਸੈਕਟਰੀ ਗਰਲ ਅਤੇ ਚਾਰ ਹਾਊਸ ਲਈ ਕੈਪਟਨ, ਵਾਈਸ ਕੈਪਟਨ, ਸਪੋਰਟਸ ਕੈਪਟਨ, ਜੁਆਇੰਟ ਕਲਚਰ ਸੈਕਟਰੀ ਅਤੇ ਡਿਸਿਪਲਨ ਇੰਚਾਰਜ ਆਦਿ ਦੀ ਚੋਣ ਕੀਤੀ ਗਈ ਅਤੇ ਪਿ੍ੰਸੀਪਲ, ਮੈਨੇਜਮੈਂਟ ਅਤੇ ਮੁੱਖ ਮਹਿਮਾਨ ਨੇ ਉਨ੍ਹਾਂ ਨੂੰ ਬੈਚ ਅਤੇ ਪੱਟੀਆਂ ਦੇ ਕੇ ਆਪਣੀਆਂ ਜ਼ਿੰਮੇਵਾਰੀਆਂ ਇਮਾਨਦਾਰੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ | ਵਿਦਿਆਰਥੀਆਂ ਨੇ ਆਪਣੇ ਅਹੁਦੇ ਦੀ ਕਸਮ ਚੁੱਕੀ ਅਤੇ ਸਕੂਲ ਦੇ ਨਿਯਮਾਂ ਦੀ ਪਾਲਣਾ ਕਰਨ ਦਾ ਵਾਅਦਾ ਕੀਤਾ | ਇਸ ਸਮਾਰੋਹ ਦੌਰਾਨ ਵਿਦਿਆਰਥੀਆਂ ਵਲੋਂ ਮਾਰਚ ਪਾਸਟ ਅਤੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ | ਸਕੂਲ ਪਿ੍ੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਕਿਹਾ ਕਿ ਵਿਦਿਆਰਥੀ ਇਮਾਨਦਾਰੀ, ਸੱਚਾਈ, ਅਨੁਸ਼ਾਸਨ ਤੇ ਮਿਹਨਤ ਨਾਲ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣਗੇ ਅਤੇ ਬੱਚਿਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਸਾਲਾਨਾ ਪ੍ਰੀਖਿਆ ਵਿਚੋਂ ਵਧੀਆ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਚੇਅਰਮੈਨ ਗੁਰਜੰਟ ਸਿੰਘ ਮਨਾਵਾਂ, ਵਾਈਸ ਚੇਅਰਮੈਨ ਗੁਰਜੀਤ ਸਿੰਘ ਮਨਾਵਾਂ ਅਤੇ ਸਮੂਹ ਸਟਾਫ਼ ਵੀ ਹਾਜ਼ਰ ਸੀ |