ਮਲੋਟ, 25 ਅਪ੍ਰੈਲ (ਅਜਮੇਰ ਸਿੰਘ ਬਰਾੜ)-ਲੋਕ ਮੋਰਚਾ ਪੰਜਾਬ ਇਕਾਈ ਸ੍ਰੀ ਮੁਕਤਸਰ ਸਾਹਿਬ ਦੇ ਸਰਗਰਮ ਕਾਰਕੁੰਨਾਂ ਦੀ ਮੀਟਿੰਗ ਮਲੋਟ ਦਾਣਾ ਮੰਡੀ ਵਾਟਰ ਵਰਕਸ ਵਿਖੇ ਹੋਈ | ਸਾਥੀ ਐੱਨ.ਕੇ. ਜੀਤ ਦੇ ਇਨਕਲਾਬੀ ਕਾਫ਼ਲੇ ਵਿਚੋਂ ਵਿਛੋੜੇ 'ਤੇ ਸਾਰੇ ਸਾਥੀਆਂ ਨੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ | ਜਥੇਬੰਦੀ ਦੇ ਸੂਬਾ ਆਗੂ ਗੁਰਦੀਪ ਸਿੰਘ ਖੁੱਡੀਆਂ ਨੇ ਮੀਟਿੰਗ 'ਚ ਸਾਥੀ ਦੀ ਜ਼ਿੰਦਗੀ ਦੇ ਵੱਖ-ਵੱਖ ਪੱਖਾਂ 'ਤੇ ਚਰਚਾ ਕੀਤੀ | ਉਨ੍ਹਾਂ ਕਿਹਾ ਕਿ ਦੂਰ ਸੰਚਾਰ ਮਹਿਕਮੇ ਤੋਂ ਸੇਵਾ ਮੁਕਤੀ ਉਪਰੰਤ ਐੱਨ.ਕੇ. ਜੀਤ ਨੇ ਇਕ ਲੋਕ ਪੱਖੀ ਵਕੀਲ ਵਜੋਂ ਆਪਣਾ ਰੋਲ ਨਿਭਾਇਆ | ਉਨ੍ਹਾਂ ਦੱਸਿਆ ਕਿ ਉਹ ਲੋਕ ਮੋਰਚਾ ਪੰਜਾਬ ਦੇ ਬਾਨੀ ਮੈਂਬਰ ਸਨ ਤੇ ਲਗਪਗ 14 ਸਾਲ ਜਥੇਬੰਦੀ ਦੇ ਪ੍ਰਧਾਨ ਰਹੇ | ਇਨ੍ਹਾਂ ਸਾਲਾਂ ਦੌਰਾਨ ਉਨ੍ਹਾਂ ਦੀ ਅਗਵਾਈ 'ਚ ਅਨੇਕਾਂ ਜਮਹੂਰੀ ਅਤੇ ਸਿਆਸੀ ਮਸਲਿਆਂ 'ਤੇ ਅਸਰਦਾਰ ਸਰਗਰਮੀਆਂ ਕੀਤੀਆਂ ਗਈਆਂ | ਸੂਬਾ ਆਗੂ ਗੁਰਦੀਪ ਸਿੰਘ ਖੁੱਡੀਆਂ ਨੇ ਕਿਹਾ ਕਿ ਸਾਰੇ ਸਾਥੀਆਂ ਨੂੰ ਐੱਨ.ਕੇ. ਜੀਤ ਦੀ ਸੰਘਰਸ਼ਮਈ ਜ਼ਿੰਦਗੀ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ ਅਤੇ ਉਨ੍ਹਾਂ ਦੀ ਯਾਦ ਵਿਚ 29 ਅਪ੍ਰੈਲ ਨੂੰ ਬਠਿੰਡਾ ਦਾਣਾ ਮੰਡੀ 'ਚ ਹੋ ਰਹੇ ਸ਼ਰਧਾਂਜਲੀ ਸਮਾਗਮ ਵਿਚ ਸਮੂਹ ਜਥੇਬੰਦੀਆਂ ਤੇ ਜਮਹੂਰੀਅਤ ਪਸੰਦ ਲੋਕਾਂ ਨੂੰ ਸ਼ਾਮਿਲ ਹੋਣਾ ਚਾਹੀਦਾ ਹੈ |