ਕੋਟਕਪੂਰਾ, 25 ਅਪ੍ਰੈਲ (ਮੋਹਰ ਸਿੰਘ ਗਿੱਲ)-ਵਿਸ਼ਵ ਧਰਤੀ ਦਿਵਸ 'ਤੇ ਡੀ.ਸੀ.ਐਮ ਇੰਟਰਨੈਸਨਲ ਸਕੂਲ ਕੋਟਕਪੂਰਾ ਵਿਖੇ ਸਵੇਰ ਦੀ ਸਭਾ ਵਿਚ ਬੱਚਿਆਂ ਵਲੋਂ ਇਸ ਦਿਵਸ ਸਬੰਧੀ ਭਾਸ਼ਣ ਕੀਤਾ ਗਿਆ, ਤੀਸਰੀ ਜਮਾਤ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ, ਵਾਤਾਵਰਨ ਨੂੰ ਬਚਾਉਣ ਦੇ ਥੀਮ ਦੇ ਆਧਾਰ 'ਤੇ ਕੋਰੀਓਗ੍ਰਾਫੀ ਵੀ ਪੇਸ਼ ਕੀਤੀ ਗਈ | ਸਕੂਲ ਦੇ ਵਿਹੜੇ ਨੂੰ ਹੋਰ ਹਰਿਆ ਭਰਿਆ ਬਣਾਉਣ ਲਈ ਬੱਚਿਆਂ ਨੇ ਆਪਣੇ ਹੱਥੀਂ ਪੌਦੇ ਲਾਏ ਅਤੇ ਸਮੂਹ ਸਮਾਜ ਨੂੰ 'ਰੁੱਖ ਲਗਾਓ ਧਰਤੀ ਬਚਾਓ' ਦਾ ਸੁਨੇਹਾ ਦਿੱਤਾ | ਸਕੂਲ ਦੇ ਪਿ੍ੰਸੀਪਲ ਮੀਨਾਕਸੀ ਸਰਮਾ ਨੇ ਵਿਸ਼ਵ ਧਰਤੀ ਦਿਵਸ ਦੇ ਮੌਕੇ ਕਿਹਾ ਕਿ ਅੱਜ ਦੇ ਸਮੇਂ ਦੀ ਲੋੜ ਨੂੰ ਦੇਖਦੇ ਹੋਏ ਆਪਣੀ ਧਰਤੀ 'ਤੇ ਹਰਿਆਲੀ ਵਧਾਉਣ ਲਈ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ | ਅੱਜ ਦੇ ਦਿਨ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਰੁੱਖਾਂ ਨੂੰ ਕੱਟਣ ਦੀ ਬਜਾਏ ਉਸ ਦੇ ਨਾਲ ਇਕ ਰੁੱਖ ਹੋਰ ਖੜਾ ਕਰੀਏ, ਜਿਸ ਨਾਲ ਕੇ ਆਉਣ ਵਾਲੀਆਂ ਪੀੜੀਆਂ ਨੂੰ ਵੀ ਰੁੱਖਾਂ ਦੀ ਛਾਂ ਨਸੀਬ ਹੋਵੇ | ਹਰ ਇਨਸਾਨ ਨੂੰ ਆਪਣੇ ਜੀਵਨ ਦੇ ਵਿਚ ਇਕ ਜਾਂ ਇਕ ਤੋਂ ਵੱਧ ਰੁੱਖ ਲਾਜ਼ਮੀ ਲਾਉਣੇ ਚਾਹੀਦੇ ਹਨ |