17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਕੋਟਕਪੂਰਾ ਨੂੰ ਪਿੰਡਾਂ ਨਾਲ ਜੋੜਨ ਵਾਲੀਆਂ ਤਿੰਨ ਪ੍ਰਮੁੱਖ ਸੜਕਾਂ ਦੀ ਮਾੜੀ ਹਾਲਤ ਕਾਰਨ ਲੋਕ ਧੂੜ ਫ਼ੱਕਣ ਲਈ ਮਜਬੂਰ

Ad Position 21
No active advertisement
ਅਜੀਤ ਡੈਸਕ 28-04-2026
ਕੋਟਕਪੂਰਾ, 27 ਅਪ੍ਰੈਲ (ਮੋਹਰ ਸਿੰਘ ਗਿੱਲ)-ਸਥਾਨਕ ਸ਼ਹਿਰ ਦੀਆਂ ਜਨਤਕ ਆਵਾਜਾਈ ਵਾਲੀਆਂ 3 ਪ੍ਰਮੁੱਖ ਸੜਕਾਂ ਨੂੰ ਖੱਡਿਆਂ ਦਾ ਗ੍ਰਹਿਣ ਲੱਗਣ ਕਾਰਨ ਵਾਹਨਾਂ ਵਾਲੇ ਤੇ ਆਮ ਰਾਹਗੀਰ ਸਾਰਾ ਦਿਨ ਸਖ਼ਤ ਪ੍ਰੇਸ਼ਾਨੀ ਝੱਲਣ ਲਈ ਮਜਬੂਰ ਹਨ | ਚਿੰਤਾ ਦੀ ਗੱਲ ਇਹ ਵੀ ਹੈ ਕਿ ਜ਼ਿਆਦਾ ਵਰਤੋਂ 'ਚ ਆਉਣ ਵਾਲੇ ਇਨ੍ਹਾਂ ਰਸਤਿਆਂ ਦੀ ਮਾੜੀ ਹਾਲਤ ਹੋਣ ਕਾਰਨ ਲੋਕ ਪੰਜਾਬ ਸਰਕਾਰ ਤੇ ਸਥਾਨਕ ਆਗੂਆਂ ਨੂੰ ਕੋਸਣ ਲਈ ਮਜਬੂਰ ਹਨ | ਕੋਟਕਪੂਰਾ ਸ਼ਹਿਰ ਨੂੰ ਦੇਵੀ ਵਾਲਾ ਸੜਕ, ਬੀੜ ਸਿੱਖਾਂ ਵਾਲਾ ਤੇ ਸਿੱਖਾਂ ਵਾਲਾ ਸੰਪਰਕ ਸੜਕਾਂ ਰਾਹੀਂ ਸ਼ਾਹ ਰਾਹ ਬਠਿੰਡਾ-ਸ੍ਰੀ ਅੰਮਿ੍ਤਸਰ ਸਾਹਿਬ ਨੂੰ ਜੋੜਨ ਵਾਲੀਆਂ ਤਿੰਨਾਂ ਸੰਪਰਕ ਸੜਕਾਂ ਦੀ ਹਾਲਤ ਮਾੜੀ ਹੈ | ਇਨ੍ਹਾਂ ਸੜਕਾਂ ਉੱਪਰ ਕਈ ਥਾਵਾਂ 'ਤੇ ਬਹੁਤ ਜ਼ਿਆਦਾ ਡੂੰਘੇ ਖੱਡੇ ਬਣ ਚੁੱਕੇ ਹਨ | ਇਹ ਪੱਕੀਆਂ ਸੜਕਾਂ ਪਿੰਡਾਂ ਦੇ ਕੱਚੇ ਰਸਤਿਆਂ ਤੇ ਕੱਚੀਆਂ ਪਹੀਆਂ ਦਾ ਭੁਲੇਖਾ ਪਾਉਂਦੀਆਂ ਹਨ | ਸਾਰਾ ਦਿਨ ਉਡਦੀ ਧੂੜ ਤੋਂ ਇੱਥੋਂ ਲੰਘਣ ਵਾਲੇ ਵਾਹਨਾਂ ਵਾਲੇ, ਆਮ ਰਾਹਗੀਰ, ਨੇੜਲੇ ਘਰਾਂ ਤੇ ਦੁਕਾਨਾਂ ਵਾਲੇ ਬਹੁਤ ਜ਼ਿਆਦਾ ਪ੍ਰੇਸ਼ਾਨੀ 'ਚੋਂ ਗੁਜ਼ਰ ਰਹੇ ਹਨ | ਇਨ੍ਹਾਂ ਸੜਕਾਂ ਦੇ ਨੇੜੇ ਰਹਿਣ ਵਾਲੇ ਘਰਾਂ ਤੇ ਦੁਕਾਨਾਂ ਵਾਲਿਆਂ ਦਾ ਕਹਿਣਾ ਹੈ ਕਿ ਦੁਕਾਨਾਂ ਅੰਦਰ ਪਿਆ ਸਮਾਨ ਮਿੱਟੀ-ਘੱਟੇ ਨਾਲ ਭਰ ਜਾਂਦਾ ਹੈ | ਇਵੇਂ ਹੀ ਘਰਾਂ ਦੀਆਂ ਸੁਆਣੀਆਂ ਵਲੋਂ ਧੁੱਪ 'ਚ ਸੁਕਾਉਣ ਲਈ ਬਾਹਰ ਪਾਏ ਹੋਏ ਕੱਪੜੇ ਘੱਟੇ ਕਾਰਨ ਖ਼ਰਾਬ ਹੋ ਜਾਂਦੇ ਹਨ | ਸਿੱਖਾਂ ਵਾਲਾ ਸੜਕ ਦੀ ਹਾਲਤ ਸ਼ਹਿਰੀ ਆਬਾਦੀ ਅੰਦਰ ਬਹੁਤ ਜ਼ਿਆਦਾ ਚਿੰਤਾਜਨਕ ਹੈ | ਹਾਲਾਂ ਕਿ ਇਸ ਸੜਕ ਨੂੰ ਸ਼ਹਿਰ ਨੂੰ ਸ਼ਾਹ ਰਾਹ ਨਾਲ ਜੋੜਨ ਲਈ ਮਿੰਨੀ ਬਾਈਪਾਸ ਦਾ ਨਾਮ ਦਿੱਤਾ ਗਿਆ ਹੈ | ਇਸ ਦੇ ਦੋਹੀਂ ਪਾਸੀਂ ਆਬਾਦੀ ਬਹੁਤ ਜ਼ਿਆਦਾ ਵਸੀ ਹੋਈ ਹੈ | ਸਿੱਖਾਂ ਵਾਲਾ ਸੜਕ 'ਤੇ ਗਊਸ਼ਾਲਾ, ਡੀ.ਏ.ਵੀ ਪਬਲਿਕ ਸਕੂਲ, ਡਰੀਮਲੈਂਡ ਪਬਲਿਕ ਸਕੂਲ, ਅਕਾਲ ਸਹਾਏ ਬੀ.ਐੱਡ ਕਾਲਜ ਸਥਿਤ ਹੋਣ ਕਾਰਨ ਇਸ ਸੜਕ ਉਪਰ ਲੋਕਾਂ ਦੀ ਆਵਾਜਾਈ ਬਹੁਤ ਜ਼ਿਆਦਾ ਰਹਿੰਦੀ ਹੈ | ਉਕਤ ਵਿੱਦਿਅਕ ਸੰਸਥਾਵਾਂ ਵਿਚ ਬੱਚਿਆਂ ਨੂੰ ਲਿਜਾਣ ਵਾਲੀਆਂ ਗੱਡੀਆਂ ਵਾਲੇ ਸੜਕ ਦੀ ਮਾੜੀ ਹਾਲਤ ਤੋਂ ਕਾਫ਼ੀ ਪ੍ਰੇਸ਼ਾਨ ਹਨ | ਬਹੁਤ ਸਾਰੇ ਮਾਪੇ ਉਕਤ ਸੰਸਥਾਵਾਂ 'ਚ ਦੁਪਹੀਆ ਵਾਹਨਾਂ ਦੁਆਰਾ ਆਪਣੇ ਬੱਚਿਆਂ ਨੂੰ ਪੜ੍ਹਨ ਲਈ ਛੱਡ ਕੇ ਆਉਂਦੇ-ਜਾਂਦੇ ਹਨ | ਦੁਪਹੀਆ ਵਾਹਨਾਂ ਉੱਪਰ ਜਾਣ ਵਾਲੇ ਸਕੂਲੀ ਬੱਚਿਆਂ ਦੀਆਂ ਵਰਦੀਆਂ ਮਿੱਟੀ-ਘੱਟੇ ਕਾਰਨ ਗ਼ੰਦੀਆਂ ਹੋ ਜਾਂਦੀਆਂ ਹਨ | ਸਿੱਖਾਂ ਵਾਲਾ ਸੜਕ ਤੇ ਬੀੜ ਸਿੱਖਾਂ ਵਾਲਾ ਨੂੰ ਜਾਣ ਵਾਲੀਆਂ ਸੜਕਾਂ ਦੀ ਹਾਲਤ ਪਿਛਲੇ 6 ਸਾਲਾਂ ਤੋਂ ਬੇਹੱਦ ਮਾੜੀ ਹੈ | ਇਹ ਸੜਕਾਂ ਸਿੱਖਾਂ ਵਾਲਾ, ਨੰਗਲ, ਚਮੇਲੀ, ਭਾਣਾ, ਢੁੱਡੀ, ਨੱਥੇ ਵਾਲਾ ਨਵਾਂ ਤੇ ਪੁਰਾਣਾ ਸਮੇਤ ਕਈ ਪਿੰਡਾਂ ਨੂੰ ਜਾਂਦੀਆਂ ਹਨ | ਇਵੇਂ ਹੀ ਦੇਵੀ ਵਾਲਾ ਸੜਕ ਉੱਪਰ ਸ਼ਹਿਰ ਦੇ ਗ਼ੰਦੇ ਪਾਣੀ ਦੀ ਨਿਕਾਸੀ ਲਈ ਜ਼ਮੀਨਦੋਜ਼ ਪਾਈਪਾਂ ਪਾਉਣ ਇਹ ਸੜਕ ਪੱਟ ਦਿੱਤੀ ਗਈ ਹੈ | ਦੇਵੀ ਵਾਲਾ, ਸਿਰਸੜੀ, ਕੋਟਸੁਖੀਆ, ਧੂੜਕੋਟ, ਬੱਗੇਆਣਾ ਆਦਿ ਪਿੰਡਾਂ ਦੇ ਲੋਕ ਸ਼ਹਿਰ ਵਿਚ ਕਈ ਬਦਲਵੇਂ ਰਸਤੇ ਤਲਾਸ਼ ਕੇ ਆਉਣ ਜਾਣ ਕਰਦੇ ਹਨ, ਜਿਸ ਨਾਲ ਸਮਾਂ ਵਧੇਰੇ ਲੱਗਦਾ ਹੈ ਤੇ ਤੇਲ ਵੀ ਵੱਧ ਖ਼ਾਂਦਾ ਹੈ | ਕੋਟਕਪੂਰਾ ਸ਼ਹਿਰ ਦੇ ਉੱਤਰ ਦਿਸ਼ਾ ਵੱਲ ਸਥਿਤ ਇਹ ਤਿੰਨੇ ਸੜਕਾਂ ਦੀ ਇਕੋ ਸਮੇਂ ਹੋਈ ਮਾੜੀ ਹਾਲਤ ਕਾਰਨ ਲੋਕ ਸਰਕਾਰ ਨੂੰ ਕੋਸਣ ਲਈ ਮਜਬੂਰ ਅਤੇ ਬੇਬੱਸੀ ਜ਼ਾਹਿਰ ਕਰ ਰਹੇ ਹਨ | ਬੀੜ ਸਿੱਖਾਂ ਵਾਲਾ ਤੇ ਸਿੱਖਾਂ ਵਾਲਾ ਸੜਕ ਨੂੰ ਮੁਰੰਮਤ ਕਰਨ ਦੇ ਨਾਂਅ 'ਤੇ ਇਸ ਦਾ ਵਜੂਦ ਖ਼ਰਾਬ ਕਰ ਦਿੱਤਾ ਗਿਆ ਤੇ ਦੋਹਾਂ ਸੜਕਾਂ ਉਪਰੰਤ ਮੁਰੰਮਤ ਦਾ ਕੰਮ ਕਿਸੇ ਤਣ-ਪੱਤਣ ਨਾ ਲੱਗਣ ਕਾਰਨ ਲੋਕਾਂ 'ਚ ਵਿਆਪਕ ਰੋਸ ਪਾਇਆ ਜਾ ਰਿਹਾ ਹੈ | ਹਾਲਾਂਕਿ ਦੇਵੀ ਵਾਲਾ ਸੜਕ ਉੱਪਰ ਪਾਈਪਾਂ ਪਾਉਣ ਦਾ ਕੰਮ ਅਜੇ ਕੁਝ ਦਿਨ ਪਹਿਲਾਂ ਹੀ ਸ਼ੁਰੂ ਕੀਤਾ ਗਿਆ ਸੀ, ਪਰ ਇਹ ਸੜਕ ਵੀ ਆਵਾਜਾਈ ਕਰਨ ਵਾਲੀ ਨਹੀਂ ਰਹੀ | ਪਿੰਡਾਂ ਤੇ ਸ਼ਹਿਰ ਨਿਵਾਸੀਆ ਦੀ ਮੰਗ ਹੈ ਕਿ ਉਕਤ ਸੜਕਾਂ ਦੀ ਹਾਲਤ ਸੁਧਾਰੀ ਜਾਵੇ ਤਾਂ ਜੋ ਜਨਤਕ ਆਵਾਜਾਈ ਸੁਖਾਲੀ ਹੋ ਸਕੇ |
Ad Position 22
No active advertisement
ਪਿਛਲੀ ਖ਼ਬਰ ਲੋਕ ਮੋਰਚਾ ਪੰਜਾਬ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਮੀਟਿੰਗ ਅਗਲੀ ਖ਼ਬਰ ਦਿੱਲੀਂ ਤੋਂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਆਈ ਔਰਤ ਦਾ ਪਰਸ ਖੋਹ ਕੇ ਚੋਰ ਫ਼ਰਾਰ
Ad Position 24