ਸ੍ਰੀ ਮੁਕਤਸਰ ਸਾਹਿਬ, 27 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਲੋਕ ਮੋਰਚਾ ਪੰਜਾਬ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਬਠਿੰਡਾ ਵਿਖੇ ਇਨਕਲਾਬੀ ਜਮਹੂਰੀ ਲਹਿਰ ਦੀ ਬਹੁਤ ਪੱਖੀ ਤੇ ਉੱਘੀ ਸ਼ਖ਼ਸੀਅਤ ਸਾਥੀ ਐੱਨ.ਕੇ. ਜੀਤ ਨੂੰ ਸਮਰਪਿਤ ਕੀਤੇ ਜਾ ਰਹੇ ਸ਼ਰਧਾਂਜਲੀ ਸਮਾਗਮ ਦੀ ਤਿਆਰੀ ਵਜੋਂ ਪਿੰਡ ਭੁੱਟੀਵਾਲਾ ਵਿਖੇ ਮੀਟਿੰਗ ਕੀਤੀ | ਮੀਟਿੰਗ ਦੌਰਾਨ ਲੋਕ ਮੋਰਚਾ ਪੰਜਾਬ ਦੇ ਆਗੂ ਪਿਆਰੇ ਲਾਲ ਦੋਦਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਬਾਜ ਸਿੰਘ ਭੁੱਟੀਵਾਲਾ ਤੇ ਜਮਹੂਰੀ ਲਹਿਰ ਦੇ ਆਗੂ ਅਮਰਜੀਤ ਪਾਲ ਸ਼ਰਮਾ ਨੇ ਸਾਥੀ ਐੱਨ.ਕੇ. ਜੀਤ ਦੀ ਜ਼ਿੰਦਗੀ ਦੇ ਵੱਖ-ਵੱਖ ਪੱਖਾਂ 'ਤੇ ਚਰਚਾ ਕੀਤੀ | ਆਗੂਆਂ ਨੇ ਕਿਹਾ ਕਿ ਸਾਥੀ ਐੱਨ.ਕੇ. ਜੀਤ ਨੇ ਦੂਰ ਸੰਚਾਰ ਕਾਮਿਆਂ ਦੇ ਹਿੱਤਾਂ ਲਈ ਤੇ ਹਕੂਮਤੀ ਨੀਤੀਆਂ ਖ਼ਿਲਾਫ਼ ਮੁਲਾਜ਼ਮ ਲਹਿਰ ਖੜ੍ਹੀ ਕਰਨ 'ਚ ਉਘੜ੍ਹਵਾਂ ਰੋਲ ਅਦਾ ਕੀਤਾ | ਦੂਰ ਸੰਚਾਰ ਮਹਿਕਮੇ ਤੋਂ ਸੇਵਾ ਮੁਕਤੀ ਉਪਰੰਤ ਉਨ੍ਹਾਂ ਨੇ ਇਕ ਲੋਕ ਪੱਖੀ ਵਕੀਲ ਵਜੋਂ ਆਪਣਾ ਰੋਲ ਨਿਭਾਇਆ | ਉਹ ਲੋਕ ਮੋਰਚਾ ਪੰਜਾਬ ਦੇ ਬਾਨੀ ਮੈਂਬਰ ਸਨ ਅਤੇ ਲਗਪਗ 14 ਸਾਲ ਉਹ ਜਥੇਬੰਦੀ ਦੇ ਪ੍ਰਧਾਨ ਰਹੇ | ਉਹ ਜ਼ਮਹੂਰੀ ਹੱਕਾਂ ਦੀ ਜਥੇਬੰਦੀ 'ਚ ਵੀ ਸਰਗਰਮ ਰੋਲ ਅਦਾ ਕੀਤਾ ਤੇ ਵੱਖ-ਵੱਖ ਜ਼ਮਹੂਰੀ ਮਸਲਿਆਂ 'ਤੇ ਨਿਰੰਤਰ ਆਵਾਜ਼ ਬੁਲੰਦ ਕਰਦੇ ਰਹੇ | ਉਨ੍ਹਾਂ ਆਖਿਆ ਕਿ ਸਾਨੂੰ ਸਾਥੀ ਐੱਨ.ਕੇ. ਜੀਤ ਦੇ ਸੰਘਰਸ਼ਮਈ ਸਮੇਂ ਜ਼ਿੰਦਗੀ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ | ਉਨ੍ਹਾਂ ਦੀ ਯਾਦ 'ਚ 29 ਅਪ੍ਰੈਲ ਨੂੰ ਬਠਿੰਡਾ ਦਾਣੀ ਮੰਡੀ 'ਚ ਲਾਰਡ ਰਾਮਾ ਹਾਲ ਨਜ਼ਦੀਕ ਰਾਮ ਬਾਗ ਵਿਚ ਹੋ ਰਹੇ ਸ਼ਰਧਾਂਜਲੀ ਸਮਾਗਮ ਵਿਚ ਸਮੂਹ ਲੋਕਾਂ ਨੂੰ ਪਹੁੰਚਣ ਦਾ ਸੱਦਾ ਦਿੱਤਾ ਗਿਆ |
ਲੋਕ ਮੋਰਚਾ ਪੰਜਾਬ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਮੀਟਿੰਗ
ਅਜੀਤ ਡੈਸਕ
28-04-2026