ਸ੍ਰੀ ਮੁਕਤਸਰ ਸਾਹਿਬ, 27 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਦੀ ਹਦਾਇਤ ਅਨੁਸਾਰ ਸੁਤੰਤਰਤਾ ਸੰਗਰਾਮੀ ਪਰਿਵਾਰਾਂ ਦੀਆਂ ਮੁਸ਼ਕਿਲਾਂ ਪ੍ਰਤੀ ਵਧੀਕ ਡਿਪਟੀ ਕਮਿਸ਼ਨਰ ਡੈਵੀ ਗੋਇਲ ਨੇ ਸੁਤੰਤਰਤਾ ਸੰਗਰਾਮੀ ਪਰਿਵਾਰਾਂ ਦੇ ਨਾਲ ਅਹਿਮ ਮੀਟਿੰਗ ਕੀਤੀ | ਮੀਟਿੰਗ 'ਚ ਹਾਜ਼ਰ ਫਰੀਡਮ ਫਾਈਟਰ ਉਤਰਾਧਿਕਾਰੀ ਸੰਸਥਾ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਲੋਟ ਨੇ ਕਿਹਾ ਕਿ ਭਾਰਤ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸਾਡੇ ਪੁਰਖਿਆਂ ਵਲੋਂ ਬਰਮਾ, ਜਾਪਾਨ, ਮਲੇਸ਼ੀਆ ਅੰਡੇਮਾਨ ਨਿਕੋਬਾਰ ਵਰਗੇ ਦੇਸ਼ਾਂ 'ਚ ਬਿਨ੍ਹਾਂ ਲਾਲਚ ਤੋਂ ਆਜ਼ਾਦੀ ਦੀ ਲੜਾਈ ਲੜ ਕੇ ਭਾਰਤ ਦੇਸ਼ ਨੂੰ ਆਜ਼ਾਦ ਕਰਵਾਇਆ ਤੇ ਉਨ੍ਹਾਂ ਇਹ ਨਹੀਂ ਸੋਚਿਆ ਕਿ ਭਾਰਤ ਦੇਸ਼ ਦਾ ਹਰ ਨਾਗਰਿਕ ਆਪਣੇ ਸੰਵਿਧਾਨਕ ਹੱਕਾਂ ਲਈ ਸੜਕਾਂ 'ਤੇ ਅੰਦੋਲਨ ਕਰ ਆਪਣੇ ਹੱਕ ਲੈਣਗੇ, ਪਰ ਅੱਜ ਦੇਸ਼ ਭਗਤਾਂ ਦੇ ਵਾਰਿਸਾਂ ਨੂੰ ਹੀ ਆਪਣੇ ਕੰਮਾਂ ਪ੍ਰਤੀ ਦਫ਼ਤਰੀ ਬਾਬੂਆਂ ਦੇ ਹਾੜ੍ਹੇ ਕੱਢਣੇ ਪੈਂਦੇ ਹਨ, ਜਿਸ ਦੀ ਮਿਸਾਲ ਬਿਜਲੀ ਵਿਭਾਗ ਮਲੋਟ ਤੋਂ ਮਿਲਦੀ ਹੈ | ਜ਼ਿਲ੍ਹਾ ਪ੍ਰਧਾਨ ਨੇ ਵਧੀਕ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਮਹਾਨ ਸੁਤੰਤਰਤਾ ਸੰਗਰਾਮੀ ਸੋਹਨ ਸਿੰਘ ਦਾ ਪੋਤਰਾ ਸੁਖਵਿੰਦਰ ਸਿੰਘ ਪੰਜਾਬ ਸਰਕਾਰ ਵਲੋਂ ਦਿੱਤੀ ਗਈ 600 ਯੂਨਿਟ ਬਿਜਲੀ ਮੁਆਫ਼ੀ ਦੀ ਸਹੂਲਤ ਲੈਣ ਲਈ ਪਿਛਲੇ ਇਕ ਸਾਲ ਤੋਂ ਬਿਜਲੀ ਵਿਭਾਗ ਮਲੋਟ ਵਿਖੇ ਚੱਕਰ ਕੱਢ ਰਿਹਾ ਹੈ, ਪਰ ਸਰਕਾਰੀ ਮੁਲਾਜ਼ਮਾਂ ਦੇ ਕੰਨਾਂ 'ਤੇ ਜੂੰਅ ਤੱਕ ਨਹੀਂ ਸਰਕੀ | ਵਧੀਕ ਡਿਪਟੀ ਕਮਿਸ਼ਨਰ ਨੇ ਜਥੇਬੰਦੀ ਦੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਜਿਨ੍ਹਾਂ ਦੇਸ਼ ਭਗਤਾਂ ਦੀਆਂ ਕੁਰਬਾਨੀਆ ਸਦਕਾ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ, ਉਨ੍ਹਾਂ ਦੇ ਵਾਰਿਸਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਕੇ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ ਤੇ ਕੁਤਾਹੀ ਕਰਨ ਵਾਲੇ ਅਫ਼ਸਰਾਂ 'ਤੇ ਬਣਦੀ ਕਾਰਵਾਈ ਕਰਕੇ ਦੇਸ਼ ਭਗਤਾਂ ਦੇ ਵਾਰਿਸਾਂ ਨੂੰ ਇਨਸਾਫ਼ ਦਿਵਾਇਆ ਜਾਵੇਗਾ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਸੰਧੂ, ਜਨਰਲ ਸਕੱਤਰ ਬਲਜਿੰਦਰ ਸਿੰਘ ਮਧੀਰ, ਜ਼ਿਲ੍ਹਾ ਖ਼ਜ਼ਾਨਚੀ ਕੁਲਵੰਤ ਸਿੰਘ ਭਲਾਈਆਣਾ, ਸਕੱਤਰ ਸੁਭਾਸ਼ ਬੱਬਰ, ਦਫ਼ਤਰ ਇੰਚਾਰਜ ਅਮਰਜੀਤ ਬਾਵਾ, ਗੁਰਦਾਸ ਸਿੰਘ, ਮੱਖਣ ਸਿੰਘ, ਬਲਜੀਤ ਸਿੰਘ, ਕਿਰਪਾਲ ਸਿੰਘ, ਗੁਰਮੀਤ ਸਿੰਘ, ਜਗਦੀਸ ਸਿੰਘ, ਜਸਪ੍ਰੀਤ ਸਿੰਘ ਛਾਬੜਾ, ਸੁਖਵਿੰਦਰ ਸਿੰਘ, ਬਲਵਿੰਦਰ ਕੌਰ ਮਿੱਡਾ ਅਤੇ ਅੰਮਿ੍ਤਪਾਲ ਕੌਰ ਆਦਿ ਹਾਜ਼ਰ ਸਨ |
ਵਧੀਕ ਡਿਪਟੀ ਕਮਿਸ਼ਨਰ ਵਲੋਂ ਸੁਤੰਤਰਤਾ ਸੰਗਰਾਮੀ ਪਰਿਵਾਰਾਂ ਨਾਲ ਮੀਟਿੰਗ
ਅਜੀਤ ਡੈਸਕ
28-04-2026