ਜੈਤੋ, 27 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ)-ਕੁਦਰਤੀ ਖੇਤੀ, ਵਤਾਵਰਨ ਤੇ ਸਿਹਤ ਦੇ ਮੁੱਦਿਆਂ ਤੇ ਕਾਰਜਸ਼ੀਲ ਸੰਸਥਾ ਖੇਤੀ ਵਿਰਾਸਤ ਮਿਸ਼ਨ ਵਲੋਂ ਕਿਸਾਨਾਂ ਨੂੰ ਅੱਗ ਮੁਕਤ ਪਰਾਲੀ ਪ੍ਰਬੰਧਨ ਬਾਰੇ ਜਾਗਰੂਕ ਕਰਨ ਲਈ ਵੱਖ-ਵੱਖ ਜ਼ਿਲਿ੍ਹਆਂ ਦੇ ਪਿੰਡਾਂ 'ਚ ਨੁੱਕੜ ਨਾਟਕ ਕਰਵਾਏ ਗਏ | ਇਨ੍ਹਾਂ ਨਾਟਕਾਂ 'ਚ ਕਿਸਾਨਾਂ ਨੇ ਡੂੰਘੀ ਰੁਚੀ ਦਿਖਾਈ | ਇਸ ਸਿਲਸਿਲੇ ਵਿਚ ਪਿਛਲੇ ਦਿਨਾਂ ਦੌਰਾਨ ਮਿਸ਼ਨ ਵਲੋਂ ਆਰ.ਈ.ਸੀ. ਲਿਮਟਿਡ ਦੇ ਸੀ.ਐਸ.ਆਰ ਵਿਭਾਗ ਆਰ.ਈ.ਸੀ ਫਾਊਾਡੇਸ਼ਨ ਦੇ ਸਹਿਯੋਗ ਨਾਲ ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਫ਼ਰੀਦਕੋਟ ਤੇ ਮੋਗਾ ਜ਼ਿਲਿ੍ਹਆਂ ਦੇ ਵੱਖ-ਵੱਖ 24 ਪਿੰਡਾਂ ਵਿਚ ਨੁੱਕੜ ਨਾਟਕ ਪੇਸ਼ ਕੀਤੇ ਗਏ | ਇਨ੍ਹਾਂ ਨਾਟਕਾਂ ਰਾਹੀਂ ਕਿਸਾਨਾਂ ਨੂੰ ਪਰਾਲੀ ਸਾੜਨ ਕਾਰਨ ਹੋਣ ਵਾਲੇ ਨੁਕਸਾਨ ਬਾਰੇ ਦੱਸਦਿਆਂ ਉਨ੍ਹਾਂ ਨੂੰ ਅੱਗ ਮੁਕਤ ਪਰਾਲੀ ਪ੍ਰਬੰਧਨ ਲਈ ਪ੍ਰੇਰਿਤ ਕੀਤਾ | ਇਨ੍ਹਾਂ ਨਾਟਕਾਂ ਦੇ ਮੰਚਨ ਦੇ ਨਾਲ ਨਾਲ ਖੇਤੀ ਵਿਰਾਸਤ ਮਿਸ਼ਨ ਦੇ ਕੁਦਰਤੀ ਖੇਤੀ ਟ੍ਰੇਨਰ ਗੋਰਾ ਸਿੰਘ ਤੇ ਰਮੇਸ਼ ਮਾਂਡੀਆ ਨੇ ਕਿਸਾਨਾਂ ਨੂੰ ਅੱਗ ਮੁਕਤ ਪਰਾਲੀ ਪ੍ਰਬੰਧਨ ਦੇ ਫਾਇਦੇ ਦੱਸੇ | ਉਨ੍ਹਾਂ ਦੱਸਿਆ ਕਿ ਪਰਾਲੀ ਦੇ ਅੱਗ ਮੁਕਤ ਪ੍ਰਬੰਧਨ ਲਈ ਖੇਤੀ ਵਿਰਾਸਤ ਮਿਸ਼ਨ ਵਲੋਂ ਕਿਸਾਨਾਂ ਨੂੰ ਸਲਾਹ ਮਸ਼ਵਰੇ ਦੇ ਨਾਲ ਨਾਲ ਤਕਨੀਕੀ ਸਹਿਯੋਗ ਵੀ ਮੁਹੱਈਆ ਕਰਵਾਇਆ ਜਾਂਦਾ ਹੈ ਤੇ ਕਿਸਾਨਾਂ ਨੂੰ ਵੱਧ ਤੋਂ ਵੱਧ ਇਸ ਦਾ ਲਾਭ ਲੈਣਾ ਚਾਹੀਦਾ ਹੈ | ਇਸੇ ਦੌਰਾਨ ਅਭੈ ਟਾਕ ਨੇ ਦੱਸਿਆ ਕਿ ਆਉਂਦੇ ਦਿਨਾਂ 'ਚ ਹੋਰ ਪਿੰਡਾਂ ਵਿਚ ਵੀ ਇਸ ਨਾਟਕ ਦੀ ਪੇਸ਼ਕਾਰੀ ਕੀਤੀ ਜਾ ਰਹੀ ਹੈ |