ਗਿੱਦੜਬਾਹਾ, 28 ਅਪ੍ਰੈਲ (ਸ਼ਿਵਰਾਜ ਸਿੰਘ ਬਰਾੜ)-ਬੀਤੇ ਦਿਨੀਂ ਬੇਮੌਸਮੀ ਬਾਰਿਸ਼ ਤੇ ਗੜ੍ਹੇਮਾਰੀ ਨੇ ਕਈ ਪਿੰਡਾਂ ਵਿਚ ਹਾੜੀ ਦੀ ਫ਼ਸਲ ਕਣਕ ਤਬਾਹ ਕਰ ਦਿੱਤੀ ਗਈ ਸੀ | ਇਸ ਔਖੀ ਘੜੀ ਵਿਚ ਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਕਿਸਾਨ ਭਾਈਚਾਰੇ ਵਲੋਂ ਅੱਗੇ ਆਉਂਦਿਆਂ ਉਨ੍ਹਾਂ ਦੀ ਆਰਥਿਕ ਸਹਾਇਤਾ ਕੀਤੀ ਜਾ ਰਹੀ ਹੈ | ਪਿੰਡ ਗੁਰੂਸਰ ਦੇ ਕਿਸਾਨਾਂ ਵਲੋਂ ਨਕਦ ਰਾਸ਼ੀ ਇਕੱਠੀ ਕਰਦਿਆਂ ਹਲਕੇ ਦੇ ਪਿੰਡਾਂ ਵਿਚ ਗੜੇ੍ਹਮਾਰੀ ਤੋਂ ਪ੍ਰਭਾਵਿਤ ਕਿਸਾਨਾਂ ਨੂੰ ਨਗਦ ਰਾਸ਼ੀ ਦਿੱਤੀ ਗਈ | ਪਿੰਡ ਗੁਰੂਸਰ ਦੇ ਸਰਪੰਚ ਤਰਸੇਮ ਸਿੰਘ, ਜਸਕਰਨ ਸਿੰਘ, ਵਰਿੰਦਰ ਕੁਮਾਰ, ਜਗਸੀਰ ਸਿੰਘ, ਗੁਰਸੇਵਕ ਸਿੰਘ, ਜੱਸਾ ਸਿੰਘ, ਰਣਜੀਤ ਸਿੰਘ, ਜਗਸੀਰ ਸਿੰਘ, ਮਨਦੀਪ ਸਿੰਘ ਅਤੇ ਸਮਾਜ ਸੇਵੀ ਰਣਜੀਤ ਸਿੰਘ ਗਿੱਲ ਨੇ ਦੱਸਿਆ ਕਿ ਹਲਕੇ ਦੇ ਪਿੰਡ ਕੋਠੇ ਕੌਰ ਸਿੰਘ, ਕੋਠੇ ਫੂਲਾ ਸਿੰਘ, ਕੋਠੇ ਲਾਲ ਸਿੰਘ, ਕੋਠੇ ਫੂਲੇਵਾਲਾ, ਕੋਠੇ ਸੰਧੂਆਂ ਅਤੇ ਪਿੰਡ ਭਲਾਈਆਣਾ ਵਿਚ ਗੜੇ੍ਹਮਾਰੀ ਕਾਰਨ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਸੀ | ਕਿਸਾਨਾਂ ਦੀ ਹਾਲਤ ਅਤੀ ਤਰਸਯੋਗ ਬਣੀ ਹੋਈ ਹੈ ਅਤੇ ਉਨ੍ਹਾਂ ਦੇ ਸਾਲ ਭਰ ਖਾਣ ਲਈ ਕਣਕ ਦਾ ਦਾਣਾ ਵੀ ਨਹੀਂ ਬਚਿਆ | ਘਰ ਦਾ ਸਾਲ ਭਰ ਖ਼ਰਚਾ ਚਲਾਉਣਾ ਵੀ ਬੜੀ ਮੁਸ਼ਕਿਲ ਹੋ ਗਿਆ ਹੈ | ਹੁਣ ਸਾਉਣੀ ਦੀ ਫ਼ਸਲ ਬੀਜਣ ਲਈ ਵੀ ਕਿਸਾਨਾਂ ਦੇ ਪੱਲੇ ਫੁੱਟੀ ਕੌਡੀ ਵੀ ਨਹੀਂ ਹੈ, ਜਿਸ ਕਰਕੇ ਬੀਤੇ ਦਿਨ ਪਿੰਡ ਗੁਰੂਸਰ ਦੇ ਵਾਸੀਆਂ ਵਲੋਂ ਇਕੱਤਰਤਾ ਕਰਦਿਆਂ ਫ਼ੈਸਲਾ ਲਿਆ ਗਿਆ ਕਿ ਆਪਣੇ ਕਿਸਾਨ ਭਾਈਚਾਰੇ ਤੇ ਮਜ਼ਦੂਰਾਂ ਲਈ ਜਿਨ੍ਹੀ ਕੁ ਮਦਦ ਹੋ ਸਕਦੀ ਹੈ, ਉਨ੍ਹਾਂ ਦੀ ਸਹਾਇਤਾ ਕੀਤੀ ਜਾਵੇ | ਇਸ ਲਈ ਪਿੰਡ ਵਾਸੀਆਂ ਵਲੋਂ ਸਾਢੇ 3 ਲੱਖ ਰੁਪਏ ਇਕੱਠਾ ਕਰਦਿਆਂ ਪੀੜਤ ਪਰਿਵਾਰਾਂ ਲਈ ਸਹਾਇਤਾ ਦਿੱਤਾ ਗਿਆ |