ਜੈਤੋ, 28 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ)-ਗੰਗਸਰ ਜੈਤੋ ਦੇ ਰੇਲਵੇ ਸਟੇਸ਼ਨ ਦਾ ਫ਼ਾਟਕ (ਸ੍ਰੀ ਮੁਕਤਸਰ ਸਾਹਿਬ ਰੋਡ ਵਾਲਾ) ਜੋ ਕਿ ਜ਼ਿਆਦਾ ਸਮਾਂ ਬੰਦ ਰਹਿਣ ਕਰਕੇ ਰਾਹਗੀਰਾਂ ਨੂੰ ਫ਼ਾਟਕ 'ਤੇ ਪੇਸ਼ ਆਉਂਦੀ ਸਮੱਸਿਆ ਨੂੰ ਵੇਖਦਿਆਂ ਇਸ ਫਾਟਕ 'ਤੇ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਜਲਦ ਹੀ ਪੁਲ ਬਣਾਉਣ ਦੀਆਂ ਚਰਚਾ ਨੇ ਜ਼ੋਰ ਫੜਿ੍ਹਆ ਹੋਇਆ ਹੈ | ਜਦ ਕਿ ਲੋਕਾਂ ਦੀ ਮੰਗ ਹੈ ਕਿ ਇਸ ਫ਼ਾਟਕ 'ਤੇ ਅੰਡਰ ਬਿ੍ਜ ਬਣਾਇਆ ਜਾਵੇ ਕਿਉਂਕਿ ਲਾਇਨੋਂ ਪਾਰ ਮਾਤਾ ਅਮਰ ਕੌਰ ਅੱਖਾਂ ਦਾ ਹਸਪਤਾਲ ਹੈ ਜਿਥੇ ਮਰੀਜ਼ਾਂ ਦਾ ਅਕਸਰ ਹੀ ਆਉਣਾ ਜਾਣ ਲੱਗਿਆ ਰਹਿੰਦਾ ਹੈ | ਉਥੇ ਹੀ ਜੈਤੋ-ਮੁਕਤਸਰ ਰੋਡ 'ਤੇ ਪ੍ਰਾਈਵੇਟ ਸਕੂਲ ਵੀ ਹਨ ਤੇ ਜਿਥੇ ਸ਼ਹਿਰੀ ਬੱਚੇ ਪੜ੍ਹਦੇ ਹਨ ਤੇ ਉਨ੍ਹਾਂ ਦਾ ਵੀ ਆਉਣਾ-ਜਾਣਾ ਅਕਸਰ ਹੀ ਰਹਿੰਦਾ ਹੈ | ਇਸ ਅੰਡਰ ਬਿ੍ਜ ਦੇ ਬਣਨ ਨਾਲ ਥਾਂ ਵੀ ਘੱਟ ਰੁਕੇਗੀ ਤੇ ਖਰਚਾ ਵੀ ਘੱਟ ਆਵੇਗਾ | ਇਸ ਪੁਲ ਦੀ ਉਸਾਰੀ ਲਈ ਜਿਥੇ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ ਜਥੇਬੰਦੀਆਂ ਵਲੋਂ ਕੇਂਦਰੀ ਰੇਲ ਮੰਤਰੀ, ਰੇਲਵੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਤੇ ਮਿਲ ਕੇ ਮੰਗ ਪੱਤਰ ਦਿੱਤੇ ਜਾਂਦੇ ਰਹੇ ਹਨ | ਉਥੇ ਹੀ ਇਸ ਫ਼ਾਟਕ 'ਤੇ ਪੁਲ ਬਣਾਉਣ ਲਈ ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਨੇ ਵਿਧਾਨ ਸਭਾ ਵਿਚ ਆਪਣੀ ਆਵਾਜ਼ ਨੂੰ ਬੁਲੰਦ ਕੀਤਾ ਤੇ ਪੁਲ ਬਣਾਉਣ ਲਈ ਪੂਰੀ ਸਰਗਰਮੀ ਵੀ ਵਿਖਾਈ ਹੈ | ਵਿਧਾਇਕ ਦੀ ਸਰਗਰਮੀ ਸਦਕਾ ਹੀ ਪੁਲ ਬਣਨ ਜਾ ਰਿਹਾ ਹੈ | ਜਦ ਕਿ ਭਾਜਪਾ ਦੇ ਸਰਗਰਮ ਆਗੂਆਂ ਤੇ ਵਰਕਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਕੀਤੇ ਜਾ ਰਹੇ ਯਤਨ ਸਦਕਾ ਹੀ ਜੈਤੋ-ਸ੍ਰੀ ਮੁਕਤਸਰ ਸਾਹਿਬ ਰੋਡ 'ਤੇ ਸਥਿਤ ਫ਼ਾਟਕ 'ਤੇ ਪੁਲ ਬਣਨ ਜਾ ਰਿਹਾ ਹੈ | ਲੋਕਾਂ ਦਾ ਕਹਿਣਾ ਹੈ ਕਿ ਇਹ ਫ਼ਾਟਕ ਜ਼ਿਆਦਾ ਸਮਾਂ ਬੰਦ ਰਹਿੰਦਾ ਹੈ ਤੇ ਸਵੇਰੇ ਅਤੇ ਦੁਪਹਿਰ ਦੇ ਟਾਈਮ ਲਾਇਨੋਪਾਰ ਜਾਣ ਤੇ ਆਉਣ ਵਾਲੇ ਸਕੂਲੀ ਬੱਚਿਆਂ, ਅਧਿਆਪਕਾਂ, ਮੁਲਾਜ਼ਮਾਂ ਆਦਿ ਵਿਅਕਤੀਆਂ ਨੂੰ ਫ਼ਾਟਕ 'ਤੇ 15 ਤੋਂ 20 ਮਿੰਟ ਤੱਕ ਫ਼ਾਟਕ ਦੇ ਬੰਦ ਹੋਣ ਕਾਰਨ ਖੜ੍ਹਣ ਲਈ ਮਜਬੂਰ ਹੋਣਾ ਪੈਂਦਾ ਹੈ | ਲੋਕਾਂ ਨੇ ਦੱਸਿਆ ਕਿ ਫ਼ਿਰੋਜ਼ਪੁਰ-ਫ਼ਾਜ਼ਿਲਕਾ-ਬਠਿੰਡਾ-ਦਿੱਲੀ-ਸਿਰਸਾ-ਹਿਸਾਰ ਨੂੰ ਜਾਣ ਆਉਣ ਵਾਲੀਆਂ ਗੱਡੀਆਂ ਦੀ ਗਿਣਤੀ 40 ਦੇ ਕਰੀਬ ਹੈ ਤੇ ਇਸ ਤੋਂ ਇਲਾਵਾ ਮਾਲ ਗੱਡੀਆਂ ਦਾ ਜਾਣ-ਆਉਣ ਸਮੇਂ ਇਹ ਫਾਟਕ ਜ਼ਿਆਦਾ ਸਮਾਂ ਬੰਦ ਰਹਿੰਦਾ ਹੈ |