ਮਲੋਟ, 2 ਮਈ (ਪਾਟਿਲ)-ਸਿਟੀ ਵਿਕਾਸ ਮੰਚ ਮਲੋਟ ਦੀ ਅਹਿਮ ਮੀਟਿੰਗ ਗੁਰਦੁਆਰਾ ਭਾਈ ਜਗਤਾ ਜੀ ਮਲੋਟ ਵਿਖੇ ਪ੍ਰਧਾਨ ਸਰੂਪ ਸਿੰਘ ਅਤੇ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਬੀਤੇ ਦਿਨੀਂ ਵਾਰਡ ਨੰਬਰ 10 ਗਲੀ ਨੰਬਰ 4 ਇੰਦਰਾ ਬਸਤੀ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਸੁੱਟਣ ਦੀ ਮੰਦਭਾਗੀ ਘਟਨਾ ਦੀ ਕੜੀ ਨਿੰਦਾ ਕੀਤੀ ਗਈ | ਡਾ. ਗਿੱਲ ਨੇ ਦੱਸਿਆ ਕਿ 30 ਅਪ੍ਰੈਲ ਨੂੰ ਧੰਨ-ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਸੀ ਅਤੇ ਇਸ ਦਿਨ ਕਿਸੇ ਸ਼ਰਾਰਤੀ ਅਨਸਰ ਵਲੋਂ ਇਹ ਘਿਨੌਣੀ ਹਰਕਤ ਕੀਤੀ ਗਈ, ਜਿਸ ਨਾਲ ਸਿੱਖ ਸੰਗਤਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਸਮੂਹ ਆਗੂਆਂ ਨੇ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਵਿਭਾਗ ਕੋਲੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ 10 ਮਈ ਤੱਕ ਕੋਈ ਕਾਰਵਾਈ ਨਾ ਹੋਈ ਤਾਂ ਸੰਗਤਾਂ ਦਾ ਵੱਡਾ ਇਕੱਠ ਕਰਕੇ ਅਗਲਾ ਸੰਘਰਸ਼ੀ ਪ੍ਰੋਗਰਾਮ ਉਲੀਕਿਆ ਜਾਵੇਗਾ | ਇਸ ਤੋਂ ਇਲਾਵਾ ਮੀਟਿੰਗ ਵਿਚ ਸ਼ਹਿਰ ਵਿਚ ਸਪਲਾਈ ਹੋ ਰਹੇ ਗੰਦੇ ਪੀਣ ਵਾਲੇ ਪਾਣੀ ਦੇ ਮੁੱਦੇ 'ਤੇ ਵੀ ਗੰਭੀਰ ਚਰਚਾ ਕੀਤੀ ਗਈ | ਮਤਾ ਪਾਸ ਕਰਦਿਆਂ ਪੰਜਾਬ ਸਰਕਾਰ, ਮੁੱਖ ਮੰਤਰੀ ਪੰਜਾਬ ਅਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਤੋਂ ਮੰਗ ਕੀਤੀ ਗਈ ਕਿ ਨਹਿਰ ਕੋਲ ਬੋਰ ਕਰਕੇ ਸਾਫ਼ ਪੀਣ ਯੋਗ ਪਾਣੀ ਦੀ ਵਿਵਸਥਾ ਕੀਤੀ ਜਾਵੇ | ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ 20 ਮਈ ਨੂੰ ਸਵੇਰੇ 9 ਤੋਂ 12 ਵਜੇ ਤੱਕ ਪੁਰਾਣੀ ਟੈਲੀਫ਼ੋਨ ਐਕਸਚੇਂਜ ਕੋਲ ਸ਼ਾਂਤਮਈ ਰੋਸ ਧਰਨਾ ਦਿੱਤਾ ਜਾਵੇਗਾ | ਇਸ ਮੌਕੇ ਪ੍ਰਧਾਨ ਸਰੂਪ ਸਿੰਘ, ਕਨਵੀਨਰ ਡਾ. ਸੁਖਦੇਵ ਸਿੰਘ ਗਿੱਲ, ਜਗਜੀਤ ਸਿੰਘ ਔਲਖ, ਦੇਸ ਰਾਜ ਸਿੰਘ, ਅਵਤਾਰ ਸਿੰਘ ਬਰਾੜ, ਹਰਮੰਦਰ ਸਿੰਘ ਹਰੀ, ਹਰਦਿਆਲ ਸਿੰਘ, ਨਾਜਰ ਸਿੰਘ ਨਾਮਧਾਰੀ, ਦਰਸ਼ਨ ਸਿੰਘ, ਮਦਨ ਲਾਲ, ਭਾਰਤ ਭੂਸ਼ਨ, ਬਲਵੰਤ ਸਿੰਘ ਵਕੀਲ, ਰਕੇਸ਼ ਕੁਮਾਰ ਜੈਨ, ਗੁਰਚਰਨ ਸਿੰਘ ਸੋਨੀ, ਕਸ਼ਮੀਰ ਸਿੰਘ, ਦੇਵਰਾਜ ਸ਼ਰਮਾ ਆਦਿ ਹਾਜ਼ਰ ਸਨ |