ਮਹਿਰਾਜ, 3 ਮਈ (ਸੁਖਪਾਲ ਮਹਿਰਾਜ): ਆਯੂਸ਼ਮਾਨ ਆਰੋਗਿਆ ਕੇਂਦਰ ਮਹਿਰਾਜ ਟੂ ਵਲੋਂ ਬਘੇਲੇ ਕੀ ਧਰਮਸ਼ਾਲਾ ਮਹਿਰਾਜ ਵਿਖੇ ਟੀ.ਬੀ., ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਕੈਂਸਰ ਸੰਬੰਧੀ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਇਲਾਕੇ ਦੇ ਮਰਦਾਂ ਅਤੇ ਔਰਤਾਂ ਨੇ ਵੱਡੀ ਗਿਣਤੀ ਵਿਚ ਪਹੁੰਚ ਕਰਕੇ ਆਪਣੀ ਜਾਂਚ ਕਰਵਾਈ ਅਤੇ ਸਿਹਤ ਸੰਬੰਧੀ ਜਾਣਕਾਰੀ ਪ੍ਰਾਪਤ ਕੀਤੀ | ਕੈਂਪ ਦੌਰਾਨ 72 ਲੋਕਾਂ ਦੀ ਸਿਹਤ ਜਾਂਚ ਕਰਨ ਉਪਰੰਤ ਡਾਕਟਰ ਕੋਮਲ ਕਪੂਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਟੀ.ਬੀ. ਇੱਕ ਸੰਕਰਮਿਕ ਬਿਮਾਰੀ ਹੈ, ਇਸ ਲਈ ਮਰੀਜ਼ਾਂ ਨੂੰ ਹੋਰ ਲੋਕਾਂ ਨਾਲ ਸੰਪਰਕ ਘੱਟ ਰੱਖਣਾ ਚਾਹੀਦਾ ਹੈ ਅਤੇ ਮੂੰਹ 'ਤੇ ਮਾਸਕ ਲਗਾਉਣਾ ਲਾਜ਼ਮੀ ਹੈ | ਉਨ੍ਹਾਂ ਦੱਸਿਆ ਕਿ ਟੀ.ਬੀ. ਦਾ ਇਲਾਜ ਪੂਰੀ ਤਰ੍ਹਾਂ ਸੰਭਵ ਹੈ ਅਤੇ ਸਰਕਾਰੀ ਹਸਪਤਾਲਾਂ ਵਿਚ ਇਹ ਮੁਫ਼ਤ ਉਪਲਬਧ ਹੈ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਮੇਂ-ਸਮੇਂ 'ਤੇ ਆਪਣੀ ਸਿਹਤ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਬਿਮਾਰੀਆਂ ਦਾ ਸ਼ੁਰੂਆਤੀ ਪੜਾਅ ਵਿਚ ਹੀ ਪਤਾ ਲੱਗ ਸਕੇ ਅਤੇ ਠੀਕ ਇਲਾਜ ਕੀਤਾ ਜਾ ਸਕੇ | ਸਿਹਤ ਪ੍ਰਤੀ ਜਾਗਰੂਕਤਾ ਨਾਲ ਕਈ ਗੰਭੀਰ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ | ਇਸ ਮੌਕੇ ਆਸ਼ਾ ਵਰਕਰ ਬੇਅੰਤ ਕੌਰ ਅਤੇ ਵੀਰਪਾਲ ਕੌਰ ਨੇ ਲੋਕਾਂ ਨੂੰ ਸਿਹਤ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ | ਆਂਗਣਵਾੜੀ ਯੂਨੀਅਨ ਦੀ ਬਲਾਕ ਪ੍ਰਧਾਨ ਸਰਬਜੀਤ ਕੌਰ ਨੇ ਕੈਂਪ ਦੇ ਆਯੋਜਨ ਲਈ ਸਿਹਤ ਵਿਭਾਗ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਜਿਹੇ ਕੈਂਪ ਲੋਕਾਂ ਲਈ ਬਹੁਤ ਲਾਭਕਾਰੀ ਸਾਬਤ ਹੁੰਦੇ ਹਨ |