ਫ਼ਰੀਦਕੋਟ, 14 ਮਈ (ਜਸਵੰਤ ਸਿੰਘ ਪੁਰਬਾ)-ਰਾਜ ਚੋਣ ਕਮਿਸ਼ਨ ਪੰਜਾਬ ਵਲੋਂ ਜਾਰੀ ਚੋਣ ਸ਼ਡਿਊਲ ਅਨੁਸਾਰ ਨਗਰ ਕੌਂਸਲ ਚੋਣਾਂ-2026 ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਰਾਹੁਲ ਚਾਬਾ ਨੇ ਦੱਸਿਆ ਨਗਰ ਕੌਂਸਲ ਚੋਣਾਂ-2026 ਲਈ ਨਾਮਜ਼ਦਗੀ ਪ੍ਰਕਿਰਿਆ 16 ਮਈ ਤੱਕ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਚੱਲੇਗੀ | ਉਨ੍ਹਾਂ ਦੱਸਿਆ ਕਿ 18 ਮਈ 2026 ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ, ਜਦਕਿ 19 ਮਈ 2026 ਨੂੰ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਣਗੇ | ਉਨ੍ਹਾਂ ਦੱਸਿਆ ਕਿ ਮਿਤੀ 26 ਮਈ 2026 ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਾਂ ਪੈਣਗੀਆਂ ਅਤੇ 29 ਮਈ 2026 ਨੂੰ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਤਿੰਨ ਨਗਰ ਕੌਂਸਲ ਲਈ ਕੁੱਲ 163 ਪੋਲਿੰਗ ਬੂਥ ਅਤੇ 71 ਵਾਰਡ ਬਣਾਏ ਗਏ ਹਨ | ਨਗਰ ਕੌਂਸਲ ਫ਼ਰੀਦਕੋਟ ਲਈ ਪੁਨੀਤ ਸ਼ਰਮਾ ਐਸ.ਡੀ.ਐਮ ਫ਼ਰੀਦਕੋਟ ਨੂੰ ਰਿਟਰਨਿੰਗ ਅਫ਼ਸਰ ਅਤੇ ਜਤਿੰਦਰਪਾਲ ਸਿੰਘ ਮਾਨ ਐਗਰੀਕਲਚਰ ਡਿਵੈਲਪਮੈਂਟ ਅਫ਼ਸਰ (ਇਨਫੋਰਸਮੈਂਟ) ਫ਼ਰੀਦਕੋਟ ਨੂੰ ਸਹਾਇਕ ਰਿਟਰਨਿੰਗ ਅਫ਼ਸਰ ਨਿਯੁਕਤ ਕੀਤਾ ਗਿਆ | ਨਗਰ ਕੌਂਸਲ ਫ਼ਰੀਦਕੋਟ ਵਿਚ 25 ਵਾਰਡ, 65 ਪੋਲਿੰਗ ਬੂਥ ਅਤੇ 70722 ਵੋਟਰ (ਮਰਦ 36800, ਇਸਤਰੀ 33915, ਹੋਰ 7 ਵੋਟਰ) ਹਨ | ਨਗਰ ਕੌਂਸਲ ਕੋਟਕਪੂਰਾ ਲਈ ਬੇਅੰਤ ਸਿੰਘ ਸਿੱਧੂ ਐਸ.ਡੀ.ਐਮ.ਕੋਟਕਪੂਰਾ ਨੂੰ ਰਿਟਰਨਿੰਗ ਅਫ਼ਸਰ ਅਤੇ ਗੁਰਚਰਨ ਸਿੰਘ ਬਰਾੜ ਨਾਇਬ ਤਹਿਤਸੀਲਦਾਰ ਕੋਟਕਪੂਰਾ ਨੂੰ ਸਹਾਇਕ ਰਿਟਰਨਿੰਗ ਅਫ਼ਸਰ ਨਿਯਕੁਤ ਕੀਤਾ ਗਿਆ ਹੈ | ਨਗਰ ਕੌਂਸਲ ਕੋਟਕਪੂਰਾ ਵਿਚ 29 ਵਾਰਡ, 66 ਪੋਲਿੰਗ ਬੂਥ ਅਤੇ 71527 ਵੋਟਰ (ਪੁਰਸ਼ 37373, ਇਸਤਰੀ 34150 ਹੋਰ 04 ਵੋਟਰ) ਹਨ | ਨਗਰ ਕੌਂਸਲ ਜੈਤੋ ਲਈ ਵਿਕਰਮਜੀਤ ਐਸ.ਡੀ.ਐਮ. ਜੈਤੋ ਨੂੰ ਰਿਟਰਨਿੰਗ ਅਫ਼ਸਰ ਅਤੇ ਹਰਪ੍ਰੀਤ ਸਿੰਘ ਧਾਲੀਵਾਲ ਅਸਿਸਟੈਂਟ ਫ਼ੂਡ ਸਪਲਾਈ ਅਫ਼ਸਰ ਜੈਤੋ ਨੂੰ ਸਹਾਇਕ ਰਿਟਰਨਿੰਗ ਅਫ਼ਸਰ ਨਿਯੁਕਤ ਕੀਤਾ ਗਿਆ ਹੈ | ਨਗਰ ਕੌਂਸਲ ਜੈਤੋ ਵਿਚ 17 ਵਾਰਡ, 32 ਪੋਲਿੰਗ ਬੂਥ ਅਤੇ 26651 ਵੋਟਰ (ਪੁਰਸ਼ 14120 ਇਸਤਰੀ 12529 ਹੋਰ 2 ਵੋਟਰ) ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਸਬੰਧਿਤ ਰਿਟਰਨਿੰਗ ਅਫ਼ਸਰ ਜਾਂ ਸਹਾਇਕ ਰਿਟਰਨਿੰਗ ਅਫਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ |